ਕੌਮੀ ਟੀਚਿਆਂ ਦੀ ਪ੍ਰਾਪਤੀ ਲਈ ਸਮੁੱਚੀ ਸਿੱਖ ਕੌਮ ਨੂੰ ਸਿਰ ਜੋੜ ਕੇ ਬੈਠਣ ਲੋੜ ਹੈ: ਗਿਆਨੀ ਹਰਪ੍ਰੀਤ ਸਿੰਘ

By  Shanker Badra June 6th 2020 04:49 PM -- Updated: June 8th 2020 07:50 PM

ਕੌਮੀ ਟੀਚਿਆਂ ਦੀ ਪ੍ਰਾਪਤੀ ਲਈ ਸਮੁੱਚੀ ਸਿੱਖ ਕੌਮ ਨੂੰ ਸਿਰ ਜੋੜ ਕੇ ਬੈਠਣ ਲੋੜ ਹੈ: ਗਿਆਨੀ ਹਰਪ੍ਰੀਤ ਸਿੰਘ:ਅੰਮ੍ਰਿਤਸਰ : ਜੂਨ 1984 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ , ਸਿੰਘਣੀਆਂ ਤੇ ਭੁਝੰਗੀਆਂ ਦੀ ਯਾਦ ’ਚ ਘੱਲੂਘਾਰਾ ਦਿਵਸ ਮੌਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ ਹੈ। ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਹੈ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੂਨ 1984 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਭਾਰਤੀ ਫ਼ੌਜ ਵੱਲੋਂ ਕੀਤਾ ਗਿਆ ਹਮਲਾ ਸਿੱਖ ਮਾਨਸਿਕਤਾ ’ਤੇ ਅਸਹਿ ਹਮਲਾ ਸੀ, ਜਿਸ ਦੀ ਪੀੜ ਰਹਿੰਦੀ ਦੁਨੀਆਂ ਤੱਕ ਸਿੱਖ ਮਨਾਂ ਵਿਚ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਜੂਨ 1984 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਖ਼ਾਤਰ ਸ਼ਹੀਦ ਹੋਏ ਸਾਡੇ ਕੌਮੀ ਜਰਨੈਲਾਂ ਨੇ ਜਿਨ੍ਹਾਂ ਟੀਚਿਆਂ ਲਈ ਆਪਣੀਆਂ ਜਾਨਾਂ ਵਾਰੀਆਂ ਸਨ, ਅੱਜ ਉਨ੍ਹਾਂ ਟੀਚਿਆਂ ਪ੍ਰਤੀ ਕੌਮੀ ਮੰਥਨ ਵਾਸਤੇ ਸਮੁੱਚੀ ਸਿੱਖ ਕੌਮ ਨੂੰ ਸਿਰ ਜੋੜ ਕੇ ਬੈਠਣ ਲੋੜ ਹੈ।

ਉਨ੍ਹਾਂ ਕਿਹਾ ਕਿ ਕੌਮੀ ਟੀਚਿਆਂ ਦੀ ਪ੍ਰਾਪਤੀ ਲਈ ਚੰਗੀ ਨੀਤੀ ਅਤੇ ਨੇਕ ਨੀਅਤ ਜ਼ਰੂਰੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਗੁਰੂ ਦੇ ਸਿੱਖ ਹੋਣ ਨਾਤੇ ਰਾਜਨੀਤਕ ਅਤੇ ਜਥੇਬੰਦਕ ਧੜੇਬੰਦੀਆਂ ਤੋਂ ਉਪਰ ਉਠ ਕੇ ਆਪਸੀ ਸਾਂਝ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਅਜੋਕੇ ਸਮੇਂ ਵਿਚ ਸਾਡੀਆਂ ਸਾਰੀਆਂ ਖੁਆਰੀਆਂ ਅਤੇ ਚੁਣੌਤੀਆਂ ਦਾ ਹੱਲ ਕੇਵਲ ਕੌਮੀ ਇਕਜੁਟਤਾ ਵਿਚ ਹੀ ਹੈ।

ਇਸ ਸਮਾਗਮ ਦੌਰਾਨ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।

-PTCNews

Related Post