ਸੂਬਾ ਸਰਕਾਰ ਆੜ੍ਹਤੀਆ ਵਰਗ ਦੀ ਭਲਾਈ ਲਈ ਵਚਨਬੱਧ: ਲਾਲ ਚੰਦ ਕਟਾਰੂਚੱਕ

By  Pardeep Singh August 10th 2022 06:01 PM

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਗੱਲ ਲਈ ਵਚਨਬੱਧ ਹੈ ਕਿ ਸਮਾਜ ਦੇ ਹਰੇਕ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਠੋਸ ਹੱਲ ਕੱਢਿਆ ਜਾਵੇ। ਇਹ ਵਿਚਾਰ ਅੱਜ ਸਥਾਨਕ ਪੰਜਾਬ ਭਵਨ ਵਿਖੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਆਫ ਪੰਜਾਬ ਦੇ ਇੱਕ ਵਫ਼ਦ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ।

 ਕਟਾਰੂਚੱਕ ਨੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਆੜ੍ਹਤੀਆ ਵਰਗ ਦੀ ਹਰ ਪੱਖੋਂ ਮਦਦ ਕਰਨ ਅਤੇ ਭਲਾਈ ਲਈ ਪੂਰਨ ਤੌਰ ਉੱਤੇ ਵਚਨਬੱਧ ਹੈ ਕਿਉਂ ਜੋ ਇਹ ਵਰਗ ਕਿਸਾਨੀ ਨਾਲ ਜੁੜਿਆ ਹੋਇਆ ਹੈ ਜੋ ਕਿ ਸੂਬੇ ਦੇ ਆਰਥਿਕ ਢਾਂਚੇ ਦੀ ਰੀੜ੍ਹ ਦੀ ਹੱਡੀ ਹੈ। ਇਸ ਮੌਕੇ ਮੰਤਰੀ ਨੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਆਉਂਦੇ ਅਕਤੂਬਰ ਮਹੀਨੇ ਦੌਰਾਨ ਆਰੰਭ ਹੋਣ ਵਾਲੇ ਸਾਉਣੀ ਦੇ ਮੰਡੀਕਰਨ ਸੀਜ਼ਨ ਸਬੰਧੀ ਸਰਕਾਰ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਹਨ ਅਤੇ ਖਰੀਦ ਨਾਲ ਜੁੜੇ ਕਿਸੇ ਵੀ ਵਰਗ ਖਾਸ ਕਰਕੇ ਆੜ੍ਹਤੀਆਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਸ ਮੌਕੇ ਇਹ ਵੀ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਫ਼ਸਲ ਦੇ ਹਰੇਕ ਦਾਣੇ ਦੀ ਐਮ.ਐਸ.ਪੀ. ਉੱਤੇ ਖਰੀਦ ਲਈ ਵਚਨਬੱਧ ਹੈ।

ਉਨ੍ਹਾਂ ਅਗਾਂਹ ਜਾਣਕਾਰੀ ਦਿੱਤੀ ਕਿ ਮੰਡੀਆਂ ਵਿੱਚ ਫ਼ਸਲ ਲਿਆਉਣ ਵਾਲੇ ਵਾਹਨਾਂ ਵਿੱਚ ਇੱਕ ਟਰੈਕਿੰਗ ਸਿਸਟਮ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਕੋਈ ਬਾਹਰਲੀਆਂ ਮੰਡੀਆਂ ਤੋਂ ਆ ਕੇ ਸੂਬੇ ਵਿੱਚ ਆਪਣੀ ਫ਼ਸਲ ਨਾ ਵੇਚ ਸਕੇ। ਸ੍ਰੀ ਕਟਾਰੂਚੱਕ ਨੇ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਖੁਦ ਨੂੰ ਈ.ਪੀ.ਐਫ. ਦੇ ਦਾਇਰੇ ਤੋਂ ਬਾਹਰ ਰੱਖੇ ਜਾਣ, ਐਫ.ਸੀ.ਆਈ. ਕੋਲ ਖੜ੍ਹੇ 28 ਕਰੋੜ ਰੁਪਏ ਦੇ ਬਕਾਏ ਅਦਾ ਕਰਨ ਅਤੇ ਰਿਲੀਜ਼ ਆਰਡਰ (ਆਰ.ਓ.) ਪ੍ਰਣਾਲੀ ਵਿੱਚ ਸੁਧਾਰ ਕੀਤੇ ਜਾਣ ਸਬੰਧੀ ਮੰਗਾਂ ਉੱਤੇ ਪੂਰਨ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਸਕੱਤਰ ਗੁਰਕਿਰਤ ਕਿਰਪਾਲ ਸਿੰਘ, ਡਾਇਰੈਕਟਰ ਘਣਸ਼ਿਆਮ ਥੋਰੀ, ਵਿਭਾਗ ਦੇ ਜਾਇੰਟ ਡਾਇਰੈਕਟਰ ਡਾ. ਅੰਜੁਮਨ ਭਾਸਕਰ, ਐਫ.ਸੀ.ਆਈ. ਦੇ ਜੀ.ਐਮ. ਹੇਮੰਤ ਕੁਮਾਰ ਜੈਨ ਅਤੇ ਐਸੋਸੀਏਸ਼ਨ ਪ੍ਰਧਾਨ ਵਿਜੈ ਕਾਲੜਾ ਵੀ ਮੌਜੂਦ ਸਨ।

ਇਹ ਵੀ ਪੜ੍ਹੋ:ਮਿਲੀਭੁਗਤ ਨਾਲ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਵਾਲੇ ਤਹਿਸੀਲਦਾਰ ਨੂੰ ਵਿਜੀਲੈਂਸ ਨੇ ਕੀਤਾ ਕਾਬੂ 

-PTC News

Related Post