ਟੋਕੀਓ ਉਲੰਪਿਕ ਤੋਂ ਭਾਰਤ ਲਈ ਖੁਸ਼ਖਬਰੀ, ਕੁਆਰਟਰ ਫ਼ਾਈਨਲ ’ਚ ਪਹੁੰਚੀ ਤੀਰਅੰਦਾਜ਼ ਦੀਪਿਕਾ ਕੁਮਾਰੀ

By  Jashan A July 30th 2021 08:07 AM

ਨਵੀਂ ਦਿੱਲੀ: ਟੋਕੀਓ ਉਲੰਪਿਕ (Tokyo Olympics) ਦੇ ਅੱਠਵੇਂ ਦਿਨ ਵੀ ਰੋਮਾਂਚ ਜਾਰੀ ਹੈ ਤੇ ਸਾਰੇ ਹੀ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਜਿਹੇ 'ਚ ਭਾਰਤ ਵਾਸੀਆਂ ਲਈ ਟੋਕੀਓ ਤੋਂ ਚੰਗੀ ਖਬਰ ਆ ਰਹੀ ਹੈ ਕਿ ਭਾਰਤ ਦੀ ਮਹਿਲਾ ਤੀਰਅੰਦਾਜ਼ (Archery) ਦੀਪਿਕਾ ਕੁਮਾਰੀ (Deepika Kumari) ਨੇ ਸਾਬਕਾ ਵਿਸ਼ਵ ਚੈਂਪੀਅਨ ਰੂਸੀ ਓਲੰਪਿਕ ਕਮੇਟੀ ਦੀ ਸੇਨੀਆ ਪੇਰੋਵਾ ਨੂੰ ਰੋਮਾਂਚਕ ਸ਼ੂਟ ਆਫ਼ ’ਚ ਹਰਾ ਕੇ ਟੋਕੀਓ ਓਲੰਪਿਕ ਮਹਿਲਾ ਸਿੰਗਲ ਵਰਗ ਦੇ ਕੁਆਰਟਰ ਫ਼ਾਈਨਲ (Quarter-Finals) ’ਚ ਜਗਾ ਬਣਾ ਲਈ ਹੈ।

ਭਾਰਤੀ ਤੀਰਅੰਦਾਜ਼ ਨੇ ਪਹਿਲਾ ਸੈੱਟ 28-25 ਨਾਲ ਜਿੱਤਿਆ ਤੇ ਦੂਜਾ ਸੈਟ 26-27 ਨਾਲ ਗੁਆ ਦਿੱਤਾ। ਇਸ ਤੋਂ ਬਾਅਦ ਦੀਪਿਕਾ ( Deepika Kumari) ਨੇ ਸ਼ਾਨਦਾਰ ਵਾਪਸੀ ਕਰਦੇ 28-27 ਨਾਲ ਤੀਜਾ ਸੈਟ ਆਪਣੇ ਨਾਂ ਕੀਤਾ। ਚੌਥਾ ਸੈਟ 26-26 ਨਾਲ ਬਰਾਬਰੀ ’ਤੇ ਰਿਹਾ ਜਦਕਿ ਪੰਜਵੇਂ ਸੈਟ ’ਚ ਦੀਪਿਕਾ ਨੂੰ 25-28 ਨਾਲ ਹਾਰ ਮਿਲੀ।

ਜਿਸ ਤੋਂ ਬਾਅਦ ਮੁਕਾਬਲਾ ਸ਼ੂਟ ਆਫ਼ ਤੱਕ ਪਹੁੰਚ ਗਿਆ। ਸ਼ੂਟ ਆਫ਼ ’ਚ ਸੇਨੀਆ ਨੇ 7 ਦਾ ਸਕੋਰ ਕੀਤਾ ਜਦਕਿ ਦੀਪਿਕਾ ਨੇ ਦਬਾਅ ਦਾ ਚੰਗੀ ਤਰ੍ਹਾਂ ਸਾਹਮਣਾ ਕਰਦੇ ਹੋਏ ਸ਼ੂਟ ਆਫ਼ ’ਚ ਪਰਫੈਕਟ 10 ਸਕੋਰ ਕੀਤਾ ਤੇ ਮੁਕਾਬਲੇ 'ਚ ਜਿੱਤ ਹਾਸਲ ਕਰਦਿਆਂ ਕੁਆਟਰ ਫਾਈਨਲ 'ਚ ਜਗਾ ਪੱਕੀ ਕਰ ਲਈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਓਲੰਪਿਕ ਖੇਡ ਰਹੀ ਦੀਪਿਕਾ ਓਲੰਪਿਕ ਤੀਰਅੰਦਾਜ਼ੀ ਮੁਕਾਬਲੇ ਦੇ ਆਖ਼ਰੀ ਅੱਠ ’ਚ ਪਹੁੰਚਣ ਵਾਲੀ ਪਹਿਲੀ ਭਾਰਤੀ ਤੀਰਅੰਦਾਜ਼ ਬਣ ਗਈ ਹੈ।

-PTC News

Related Post