ਦੂਜੇ ਦਿਨ ਵੀ ਹਾਈ ਵੋਲਟੇਜ ਟਾਵਰਾਂ 'ਤੇ ਚੜ੍ਹੇ ਰਹੇ ਬੇਰੁਜ਼ਗਾਰ ਲਾਈਨਮੈਨ, ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਜਾਰੀ

By  Jasmeet Singh September 21st 2022 08:01 AM

ਗਗਨਦੀਪ ਸਿੰਘ ਅਹੂਜਾ, (ਸਮਾਣਾ, 21 ਸਤੰਬਰ): ਸਮਾਣਾ ਹਲਕਾ ਦੇ ਭੇਡਪੁਰਾ ਪਿੰਡ ਵਿੱਚ ਬੇਰੁਜ਼ਗਾਰ ਲਾਈਨਮੈਨਾਂ ਨੂੰ ਟਾਵਰ 'ਤੇ ਚੜ੍ਹੇ ਅੱਜ ਦੂਜਾ ਦਿਨ ਹੈ। ਬੀਤੀ ਸ਼ਾਮ ਚੇਅਰਮੈਨ ਬਲਦੇਵ ਸਿੰਘ ਸਰਾਂ ਨਾਲ ਹੋਈ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਿਆ ਜਿਸ ਤੋਂ ਬਾਅਦ ਬੇਰੁਜ਼ਗਾਰ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਦਾ ਪ੍ਰਦਰਸ਼ਨ ਜਾਰੀ ਹੈ। ਯੂਨੀਅਨ ਦੇ ਆਗੂ ਪਵਿੱਤਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ ਚੁਣੀ ਹੈ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਮਿਲਣ ਦਾ ਸਮਾਂ ਵੀ ਨਹੀਂ ਦੇ ਰਹੇ।

ਸਿੰਘ ਦਾ ਕਹਿਣਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ 2 ਹਜ਼ਾਰ ਪੋਸਟਾਂ ਅਸਿਸਟੈਂਟ ਲਾਈਨਮੈਨ ਦੀ ਭਰਤੀ ਲਈ ਕੱਢੀਆਂ ਗਈਆਂ ਹਨ ਜਿਨ੍ਹਾਂ ਲਈ ਪੇਪਰ ਦਿੱਤਾ ਜਾਣਾ ਹੈ। ਇਨ੍ਹਾਂ ਅਪ੍ਰੈਂਟਿਸ ਬੇਰੁਜ਼ਗਾਰ ਲਾਈਨਮੈਨਾਂ ਦੀ ਮੰਗ ਹੈ ਕਿ ਉਨ੍ਹਾਂ ਨੇ ਅਪ੍ਰੈਂਟਿਸਸ਼ਿਪ ਕੀਤੀ ਹੋਈ ਹੈ ਅਤੇ ਉਨ੍ਹਾਂ ਨੂੰ ਪੇਪਰ ਦੇਣ ਤੋਂ ਛੋਟ ਦਿੱਤੀ ਜਾਵੇ। ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਦੇ ਸਾਹਮਣੇ ਧਰਨਾ ਲਾਈ ਬੈਠੇ ਇਹ ਬੇਰੁਜ਼ਗਾਰ ਪੇਪਰ ਰੱਦ ਕਰਨ ਦੀ ਮੰਗ ਕਰ ਰਹੇ ਹਨ।

ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਪਿਛਲੇ 56 ਦਿਨਾਂ ਤੋਂ ਪਾਵਰਕਾਮ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਜਾ ਰਿਹਾ ਹੈ। ਉੱਥੇ ਹੀ ਕੋਈ ਵੀ ਸੁਣਵਾਈ ਨਾ ਹੋਣ ਦੇ ਚੱਲਦਿਆਂ 20 ਸਤੰਬਰ ਦੀ ਤੜਕਸਾਰ ਬੇਰੁਜ਼ਗਾਰ ਲਾਈਨਮੈਨ ਪਟਿਆਲਾ ਸੰਗਰੂਰ ਰੋਡ ਸਥਿਤ ਹਾਈ ਵੋਲਟੇਜ ਟਾਵਰ 'ਤੇ ਚੜ੍ਹ ਗਏ ਹਨ। ਪ੍ਰਦਰਸ਼ਨ ਕਰਦੇ ਬੇਰੁਜ਼ਗਾਰਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਉਹ ਖ਼ੁਦ ਨੂੰ ਕਰੰਟ ਲਗਾ ਕੇ ਖ਼ੁਦਕੁਸ਼ੀ ਕਰ ਲੈਣਗੇ।

ਯੂਨੀਅਨ ਅਨੁਸਾਰ ਉਹ ਪਾਵਰਕਾਮ ਦੀਆਂ ਹਰੇਕ ਸ਼ਰਤਾਂ ਪੂਰੀਆਂ ਕਰਦੇ ਆਏ ਹਨ ਤੇ ਮਈ ਮਹੀਨੇ ਦੇ ਵਿੱਚ ਉਨ੍ਹਾਂ ਦੀ ਅਪ੍ਰੈਂਟਿਸ ਵੀ ਪੂਰੀ ਹੋ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਕਿ ਅੱਜ ਤੋਂ ਪਹਿਲਾਂ ਪਾਵਰਕਾਮ ਵੱਲੋਂ ਜਿਨ੍ਹਾਂ ਵੀ ਲਾਈਨਮੈਨਾਂ ਦੀ ਭਰਤੀ ਕੀਤੀ ਗਈ ਹੈ ਉਨ੍ਹਾਂ ਦੀ ਕੋਈ ਭਰਤੀ ਪ੍ਰੀਖਿਆ ਨਹੀਂ ਹੋਈ ਜਦ ਕਿ ਹੁਣ ਉਨ੍ਹਾਂ ਦੀ ਭਰਤੀ ਲਈ ਪ੍ਰੀਖਿਆ ਰੱਖ ਦਿੱਤੀ ਗਈ ਹੈ, ਜੋ ਕਿ ਬੇਰੁਜ਼ਗਾਰ ਲਾਈਨਮੈਨਾਂ ਨਾਲ ਸਰਾਸਰ ਧੱਕਾ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਟਿਊਬਵੈੱਲਾਂ ‘ਤੇ ਲੋਡ ਵਧਾਉਣ ਲਈ ਵੀ.ਡੀ.ਐਸ. ਦੀ ਸਮਾਂ ਸੀਮਾ ਵਧਾਈ

ਉਨ੍ਹਾਂ ਦੱਸਿਆ ਕਿ ਆਪਣੀ ਭਰਤੀ ਦੀ ਮੰਗ ਲਈ ਉਨ੍ਹਾਂ ਟੈਂਕੀ 'ਤੇ ਚੜ੍ਹ ਕੇ ਵੀ ਪ੍ਰਦਰਸ਼ਨ ਕੀਤਾ ਤਾਂ ਉਸ ਸਮੇਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਮੈਨੇਜਮੈਂਟ ਤੇ ਪੰਜਾਬ ਸਰਕਾਰ ਵੱਲੋਂ ਆਪਣੇ ਵਾਅਦੇ ਤੋਂ ਮੁੱਕਰਨ ਮਗਰੋਂ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਪਾਵਰਕਾਮ ਦੇ ਦਫ਼ਤਰ ਅੰਦਰ ਵੜ ਕੇ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੱਲੋਂ ਉਨ੍ਹਾਂ 'ਤੇ ਲਾਠੀ ਚਾਰਜ ਵੀ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਧਰਨੇ ਵਾਲਾ ਟੈਂਟ ਵੀ ਪਾੜ ਦਿੱਤਾ ਗਿਆ ਸੀ।

-PTC News

Related Post