ਚਮਗਿੱਦੜਾਂ ਤੋਂ ਸ਼ੁਰੂ ਹੋਇਆ ਕੋਰੋਨਾ ਪਹੁੰਚਿਆ ਸ਼ੇਰਾਂ ਤੱਕ ਇਨਸਾਨਾਂ ਤੋਂ ਬਾਅਦ ਹੁਣ ਬਾਘ COVID-19 ਪਾਜ਼ਿਟਿਵ

By  Panesar Harinder April 6th 2020 12:28 PM

ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਦੁਨੀਆ 'ਚ ਪਹਿਲੇ ਦਿਨ ਤੋਂ ਇਸ ਗੱਲ ਦੀ ਵੀ ਚਰਚਾ ਰਹੀ ਕਿ ਇਹ ਆਇਆ ਕਿੱਥੋਂ ? ਚੌਂਕਾ ਦੇਣ ਵਾਲੀ ਖ਼ਬਰ ਅਮਰੀਕਾ ਤੋਂ ਆਈ ਹੈ ਜਿੱਥੇ ਇਨਸਾਨਾਂ ਦੇ ਸਿਹਤ ਸੰਭਾਲ਼ ਢਾਂਚੇ ਲਈ ਚੁਣੌਤੀ ਬਣੇ ਕੋਰੋਨਾ ਵਾਇਰਸ ਨੇ ਪਹਿਲੀ ਵਾਰ ਕਿਸੇ ਬਾਘ ਨੂੰ ਅਪਣੀ ਚਪੇਟ ਵਿੱਚ ਲਿਆ ਹੈ। ਕਿਸੇ ਮਾਦਾ ਬਾਘ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਦਾ ਇਹ ਸੰਸਾਰ ਦਾ ਪਹਿਲਾ ਮਾਮਲਾ ਹੈ ਜੋ ਬੜੀ ਚਰਚਾ ਬਟੋਰ ਰਿਹਾ ਹੈ।

ਪੀੜਤ ਬਾਘ ਇੱਕ 4 ਸਾਲ ਦੀ ਮਲੇਸ਼ੀਆਈ ਮਾਦਾ ਹੀ ਜੋ ਨਿਊਯਾਰਕ ਦੇ ਬ੍ਰਾਂਕਸ ਚਿੜੀਆਘਰ ਵਿਖੇ ਹੈ। ਚਿੜੀਆਘਰ ਦੀ ਵਾਈਲਡ ਕੰਜ਼ਰਵੇਸ਼ਨ ਸੁਸਾਇਟੀ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਮਾਦਾ COVID-19 ਦੀ ਸ਼ਿਕਾਰ ਹੈ। ਪ੍ਰੈੱਸ ਰਿਲੀਜ਼ ਵਿੱਚ ਇਸ ਮਾਦਾ ਤੋਂ ਇਲਾਵਾ ਇਸ ਦੀ ਭੈਣ, ਦੋ ਹੋਰ ਬਾਘ ਅਤੇ ਤਿੰਨ ਅਫਰੀਕੀ ਸ਼ੇਰਾਂ ਨੂੰ ਵੀ ਸੁੱਕੀ ਖਾਂਸੀ ਦੀ ਸ਼ਿਕਾਇਤ ਬਾਰੇ ਜ਼ਿਕਰ ਕੀਤਾ ਗਿਆ ਹੈ, ਅਤੇ ਇਹ ਵੀ ਸਾਰੇ ਜਾਂਚ ਤੇ ਨਿਗਰਾਨੀ ਅਧੀਨ ਹਨ।

ਬ੍ਰਾਂਕਸ ਚਿੜੀਆਘਰ ਦੀ COVID-19 ਪੀੜਤ ਮਾਦਾ ਬਾਘ ਦੇ ਲਾਗ ਦੀ ਪੁਸ਼ਟੀ ਯੂ.ਐਸ.ਡੀ.ਏ. ਨੈਸ਼ਨਲ ਵੈਟਰਨਰੀ ਸਰਵਿਸ ਲੈਬਾਰਟਰੀ ਦੁਆਰਾ ਕੀਤੀ ਗਈ ਹੈ। ਚਿੜੀਆਘਰ ਦੀ ਵਾਈਲਡ ਲਾਈਫ ਕੰਜ਼ਰਵੇਸ਼ਨ ਸੁਸਾਇਟੀ ਵੱਲੋਂ ਦੱਸਿਆ ਗਿਆ ਹੈ ਕਿ ਇਸ ਸਮੇਤ ਸ਼ੱਕੀ ਜਾਨਵਰਾਂ ਵੱਲੋਂ ਲਏ ਜਾਂਦੇ ਭੋਜਨ ਵਿੱਚ ਵੀ ਕਮੀ ਦਰਜ ਕੀਤੀ ਗਈ ਸੀ। ਭਜੋਂ ਦੀ ਲਗਾਤਾਰ ਕਮੀ ਦੇ ਨਾਲ ਨਾਲ ਖਾਂਸੀ ਦੀ ਸ਼ਿਕਾਇਤ ਹੋਣ ਤੋਂ ਬਾਅਦ ਵੈਟਰਨਰੀ ਡਾਕਟਰ ਵੱਲੋਂ ਜਾਂਚ ਕੀਤੇ ਜਾਣ 'ਤੇ ਪਤਾ ਲੱਗਿਆ ਕਿ ਇੱਕ ਮਾਦਾ ਬਾਘ COVID-19 ਨਾਲ ਪੀੜਤ ਹੈ।

ਵਾਈਲਡ ਲਾਈਫ ਕੰਜ਼ਰਵੇਸ਼ਨ ਸੁਸਾਇਟੀ ਨੇ ਕਿਹਾ ਕਿ ਸਾਰੇ ਜਾਨਵਰਾਂ ਦੀ ਜਾਂਚ ਚਿੜੀਆਘਰ ਦੇ ਅੰਦਰ ਬਣੇ ਜਾਂਚ ਕੇਂਦਰ ਵਿਖੇ ਕੀਤੀ ਜਾ ਰਹੀ ਹੈ, ਅਤੇ ਵੈਟਰਨਰੀ ਡਾਕਟਰਾਂ ਦੇ ਨਾਲ ਇਸ ਕੰਮ ਵਿੱਚ ਅਮਰੀਕੀ ਸਰਕਾਰ ਵੱਲੋਂ ਹੋਰਨਾਂ ਮਾਹਿਰ ਲੋਕਾਂ ਨੂੰ ਵੀ ਨਿਯੁਕਤ ਕੀਤਾ ਗਿਆ ਹੈ।

ਇਸ ਗੱਲ ਦਾ ਵੀ ਵੱਡੀ ਚਰਚਾ ਹੈ ਕਿ ਇਨ੍ਹਾਂ ਜਾਨਵਰਾਂ ਦੀ ਦੇਖਭਾਲ ਕਰਨ ਵਾਲਾ ਕਰਿੰਦਾ COVID-19 ਤੋਂ ਸੰਕ੍ਰਮਿਤ ਸੀ, ਅਤੇ ਇਸ ਤੋਂ ਬਾਅਦ COVID-19 ਦੇ ਫ਼ੈਲਾਅ, ਅਸਰ, ਲੱਛਣ ਅਤੇ ਇਲਾਜ ਬਾਰੇ ਨਵੇਂ ਸਵਾਲ ਖੜ੍ਹੇ ਹੋ ਰਹੇ ਹਨ। ਹਾਲਾਂਕਿ ਮਨੁੱਖੀ ਸਰੀਰ ਦੇ ਸੰਕ੍ਰਮਿਤ ਹੋਣ 'ਤੇ ਇਸ ਦੇ ਇਲਾਜ ਦਾ ਫ਼ਿਲਹਾਲ ਕੋਈ ਪੱਕਾ ਤੇ ਕਾਰਗਰ ਇਲਾਜ ਮੈਡੀਕਲ ਮਾਹਿਰਾਂ ਦੀ ਪਹੁੰਚ ਤੋਂ ਬਾਹਰ ਹੈ, ਮਨੁੱਖ ਤੋਂ ਜਾਨਵਰਾਂ ਤੱਕ ਸੰਕ੍ਰਮਿਤ ਹੋਣ ਦੇ ਇਸ ਮਾਮਲੇ ਨੇ COVID-19 ਨਾਲ ਜੁੜੀਆਂ ਚੁਣੌਤੀਆਂ ਨੂੰ ਨਵੇਂ ਤੇ ਵੱਡੇ ਕਾਰਜ-ਖੇਤਰ ਅਧੀਨ ਲੈਣ ਦੀ ਘੰਟੀ ਵਜਾ ਦਿੱਤੀ ਹੈ।

Related Post