ਅਮਰੀਕਾ 'ਚ ਕੋਰੋਨਾ ਕਾਰਨ ਲਗਭਗ 1 ਲੱਖ ਲੋਕਾਂ ਦੀ ਹੋਈ ਮੌਤ

By  Shanker Badra May 26th 2020 01:04 PM

ਅਮਰੀਕਾ 'ਚ ਕੋਰੋਨਾ ਕਾਰਨ ਲਗਭਗ 1 ਲੱਖ ਲੋਕਾਂ ਦੀ ਹੋਈ ਮੌਤ:ਵਾਸ਼ਿੰਗਟਨ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਅਮਰੀਕਾ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮ੍ਰਿਤਕਾਂ ਅਤੇ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅਮਰੀਕਾ 'ਚ ਜਾਨਲੇਵਾ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦਾ ਅੰਕੜਾ ਲਗਭਗ 1 ਲੱਖ ਦੇ ਕਰੀਬ ਪਹੁੰਚ ਗਿਆ ਹੈ।

ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਪਿਛਲੇ 24 ਘੰਟਿਆਂ ਵਿਚ 532 ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 1 ਲੱਖ ਦੇ ਕਰੀਬ ਪਹੁੰਚ ਗਿਆ ਹੈ। ਇਹ ਪਿਛਲੇ 2 ਮਹੀਨਿਆਂ ਵਿਚ ਮੌਤਾਂ ਦਾ ਸਭ ਤੋਂ ਘੱਟ ਰਿਕਾਰਡ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਵਿਚ ਵਾਇਰਸ ਦੀ ਗਤੀ ਹੌਲੀ ਹੋ ਗਈ ਹੈ।

ਵਰਲਡ ਓ ਮੀਟਰ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 99,805 ਹੋ ਚੁੱਕੀ ਹੈ ਜਦਕਿ 1,706,226 ਲੋਕ ਪੀੜਤ ਹਨ। ਇਸ ਸਭ ਦੇ ਬਾਵਜੂਦ ਦੇਸ਼ ਦੇ 50 ਸੂਬਿਆਂ ਨੇ ਲਾਕਡਾਊਨ ਵਿਚ ਛੋਟ ਦੇਣ ਦਾ ਐਲਾਨ ਕੀਤਾ ਹੈ।

ਅਮਰੀਕੀ ਖੋਜਕਰਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਟੀਕਾ ਤਿਆਰ ਨਾ ਹੋਇਆ ਅਤੇ ਲਾਗ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਦੇਸ਼ 'ਚ 50-60 ਲੱਖ ਲੋਕ ਮਹਾਂਮਾਰੀ ਦੀ ਲਪੇਟ 'ਚ ਆ ਜਾਣਗੇ। ਇਸ ਦੇ ਨਾਲ ਹੀ ਮੌਤਾਂ ਦਾ ਅੰਕੜਾ 2024 ਤੱਕ 14 ਲੱਖ ਤੱਕ ਪਹੁੰਚ ਸਕਦਾ ਹੈ।

ਅਮਰੀਕਾ 'ਚ ਸਭ ਤੋਂ ਵੱਧ ਤਬਾਹੀ ਨਿਊਯਾਰਕ 'ਚ ਵੇਖਣ ਨੂੰ ਮਿਲੀ ਹੈ, ਜਿੱਥੇ ਦੇਸ਼ ਦੇ ਕੁਲ 22 ਫ਼ੀਸਦੀ ਮਾਮਲੇ ਹਨ ਪਰ ਲਗਭਗ 30 ਹਜ਼ਾਰ ਮੌਤਾਂ ਹੋਈਆਂ ਹਨ। ਨਿਊਯਾਰਕ 'ਚ ਹੀ ਸੰਯੁਕਤ ਰਾਸ਼ਟਰ ਸਮੇਤ ਦੁਨੀਆ ਭਰ ਦੀਆਂ ਵੱਡੀਆਂ ਕੰਪਨੀਆਂ ਤੇ ਸਫ਼ਾਰਤਖਾਨੇ ਹਨ। ਨਿਊਯਾਰਕ, ਨਿਊਜਰਸੀ, ਕੈਲੇਫ਼ੋਰਨੀਆ, ਇਲੀਨੋਇਸ ਤੇ ਮੈਸਾਚਿਉਸੇਟਸ ਨੂੰ ਮਿਲਾ ਕੇ 5 ਸੂਬਿਆਂ 'ਚ ਹੀ 55,000 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਦੱਸ ਦੇਈਏ ਕਿ ਦੋ ਮਹੀਨਿਆਂ ਦੇ ਸਖ਼ਤ ਲੌਕਡਾਊਨ ਦੇ ਬਾਵਜੂਦ ਅਮਰੀਕਾ ਵਿੱਚ ਮੌਤਾਂ ਦਾ ਅੰਕੜਾ 1,00,000 ਤਕ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 1957 ਵਿੱਚ ਫ਼ਲੂ ਨਾਲ 1 ਲੱਖ 16 ਹਜ਼ਾਰ ਅਤੇ 1968 'ਚ 1 ਲੱਖ ਲੋਕ ਮਾਰੇ ਗਏ ਸਨ ਪਰ ਇਹ ਅੰਕੜਾ ਵੀ ਛੇਤੀ ਪਾਰ ਹੋ ਜਾਣ ਦੀ ਸੰਭਾਵਨਾ ਹੈ। ਪਹਿਲੇ ਵਿਸ਼ਵ ਯੁੱਧ ਦੌਰਾਨ 6 ਲੱਖ 75 ਹਜ਼ਾਰ ਅਮਰੀਕੀਆਂ ਨੇ ਫਲੂ ਕਾਰਨ ਆਪਣੀ ਜਾਨ ਗੁਆਈ ਸੀ।

-PTCNews

Related Post