ਕੋਰੋਨਾ ਨਾਲ ਮਰਨ ਵਾਲਿਆਂ ਦੇ ਸਨਮਾਨ 'ਚ 3 ਦਿਨਾਂ ਤੱਕ ਅੱਧਾ ਝੁਕਿਆ ਰਹੇਗਾ US ਦਾ ਝੰਡਾ, ਰਾਸ਼ਟਰਪਤੀ ਟਰੰਪ ਦਾ ਹੁਕਮ

By  Shanker Badra May 22nd 2020 01:12 PM

ਕੋਰੋਨਾ ਨਾਲ ਮਰਨ ਵਾਲਿਆਂ ਦੇ ਸਨਮਾਨ 'ਚ 3 ਦਿਨਾਂ ਤੱਕ ਅੱਧਾ ਝੁਕਿਆ ਰਹੇਗਾ US ਦਾ ਝੰਡਾ, ਰਾਸ਼ਟਰਪਤੀ ਟਰੰਪ ਦਾ ਹੁਕਮ:ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਅਮਰੀਕੀ ਨਾਗਰਿਕਾਂ ਦੇ ਸਨਮਾਨ ਵਿਚ ਇਕ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕੋਰੋਨਾ ਦੀ ਲਪੇਟ 'ਚ ਆ ਕੇ ਮਰਨ ਵਾਲੇ ਅਮਰੀਕਾ ਨਾਗਰਿਕਾਂ ਦੇ ਸੋਗ 'ਚ ਕੌਮੀ ਝੰਡੇ ਨੂੰ ਅਗਲੇ ਤਿੰਨ ਦਿਨਾਂ ਤਕ ਅੱਧਾ ਝੁਕਾਉਣ ਦਾ ਹੁਕਮ ਦਿੱਤਾ ਹੈ।

ਇਸ ਘਾਤਕ ਮਹਾਂਮਾਰੀ ਦੇ ਕਾਰਨ ਅਮਰੀਕਾ ਵਿੱਚ 95 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 2015 ਵਿੱਚ ਪੈਰਿਸ ਅੱਤਵਾਦੀ ਹਮਲੇ ਵਿੱਚ ਆਪਣੀ ਜਾਨ ਗਵਾਉਣ ਵਾਲਿਆਂ ਦੀ ਯਾਦ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਝੰਡੇ ਨੂੰ ਅੱਧਾ ਝੁਕਾਉਣ ਦਾ ਹੁਕਮ ਦਿੱਤਾ ਸੀ ।

ਟਰੰਪ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਦੇਸ਼ ਦੇ ਝੰਡੇ ਅਗਲੇ ਤਿੰਨ ਦਿਨਾਂ ਤੱਕ ਸਾਰੀਆਂ ਫੈਡਰਲ ਇਮਾਰਤਾਂ ਅਤੇ ਕੌਮੀ ਯਾਦਗਾਰਾਂ 'ਤੇ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਅਮਰੀਕੀ ਲੋਕਾਂ ਦੀ ਯਾਦ ਵਿਚ ਅੱਧੇ ਝੁਕਾਏ ਜਾਣਗੇ।  ਉਨ੍ਹਾਂ ਕਿਹਾ ਕਿ ਦੇਸ਼ ਦੀ ਸੇਵਾ ਕਰਨ ਵਾਲੀ ਫ਼ੌਜ ਦੇ ਸ਼ਹੀਦਾਂ ਦੀ ਯਾਦ 'ਚ ਮਨਾਏ ਜਾਣ ਵਾਲੇ ਮੈਮੋਰੀਅਲ ਡੇਅ ਤੱਕ ਝੰਡਾ ਇੰਝ ਹੀ ਝੁਕਿਆ ਰਹੇਗਾ।

ਦੱਸਣਯੋਗ ਹੈ ਕਿ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਅਤੇ ਸੈਨੇਟ ਘੱਟ ਗਿਣਤੀ ਨੇਤਾ ਚੱਕ ਸ਼ੂਮਰ ਨੇ ਵੀਰਵਾਰ ਨੂੰ ਡੋਨਾਲਡ ਟਰੰਪ ਨੂੰ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਜਦੋਂ ਯੂਐਸ ਵਿੱਚ ਕੋਰੋਨਾ ਵਾਇਰਸ ਨਾਲ ਮੌਤਾਂ ਦੀ  ਗਿਣਤੀ 100,000 ਤੱਕ ਪਹੁੰਚ ਜਾਂਦੀ ਹੈ ਤਾਂ ਸੋਗ ਦਿਵਸ ਮਨਾਇਆ ਜਾਵੇ ਅਤੇ ਕੌਮੀ ਝੰਡੇ ਨੂੰ ਅੱਧਾ ਝੁਕਾਉਣ ਦਾ ਹੁਕਮ ਦਿੱਤਾ ਜਾਵੇ।

-PTCNews

Related Post