ਪਲਾਸਟਿਕ ਦੀ ਵਰਤੋਂ ਕਰਨ ਨਾਲ ਸੜਕਾਂ ਦੇ ਨਿਰਮਾਣ 'ਤੇ ਲਾਗਤ ਆਵੇਗੀ ਘੱਟ : ਡਾ. ਨਿੱਜਰ

By  Pardeep Singh October 28th 2022 07:29 PM

ਬਠਿੰਡਾ: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਲਾਸਟਿਕ ਰਹਿੰਦ-ਖੂੰਹਦ ਦੇ ਨਿਪਟਾਰੇ ਅਤੇ ਇਸ ਦੀ ਵਿਕਾਸ ਕਾਰਜਾਂ ਵਿੱਚ ਵਰਤੋਂ ਨੂੰ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਨਗਰ ਨਿਗਮ ਬਠਿੰਡਾ ਨੇ ਇਕ ਨਿਵੇਕਲੀ ਪਹਿਲ ਕਰਦਿਆਂ ਪਲਾਸਿਟਕ ਰਹਿੰਦ-ਖੂੰਹਦ ਤੋਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਬਠਿੰਡਾ ਸਟਾਫ ਵੱਲੋਂ ਸੜਕ ਦੇ ਨਿਰਮਾਣ ਵਿੱਚ ਪਲਾਸਟਿਕ ਦੀ ਵਰਤੋਂ ਦੀ ਸ਼ੁਰੂਆਤ ਨਾਲ ਪਲਾਸਟਿਕ ਦੀ ਰਹਿੰਦ-ਖੂੰਹਦ ਦਾ ਸਾਰਥਿਕ ਹੱਲ ਵੀ ਲੱਭ ਲਿਆ ਗਿਆ ਹੈ ਅਤੇ ਇਸ ਨਾਲ ਲਾਗਤ ਵੀ ਘੱਟ ਆਉਦੀ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਵਿਖੇ ਜੁਝਾਰ ਸਿੰਘ ਨਗਰ ਰੋਡ ਬਾਜਵਾ ਘਰ ਤੋਂ ਮੇਨ ਗਲੀ ਤੱਕ ਅਤੇ ਗਲੀ ਨੰ. 3- ਏ ਜੁਝਾਰ ਸਿੰਘ ਨਗਰ ਵਿਖੇ ਪਲਾਸਟਿਕ ਰਹਿੰਦ-ਖੂੰਹਦ ਦੀ ਵਰਤੋਂ ਨਾਲ ਸੜਕ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਲੀ ਨੰਬਰ 3 ਬੀ ਜੁਝਾਰ ਸਿੰਘ ਨਗਰ ਵਿਖੇ ਪਲਾਸਟਿਕ ਦੀ ਵਰਤੋਂ ਨਾਲ ਸੜਕ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 1000 ਰਨਿੰਗ ਫੁੱਟ ਲੰਬੀ ਸੜਕ ਦੇ ਨਿਰਮਾਣ ਵਿੱਚ ਬਿੱਟੂਮੈਨ ਵਿੱਚ 8 ਫੀਸਦੀ ਪਲਾਸਟਿਕ ਰਹਿੰਦ-ਖੂੰਹਦ ਦੀ ਵਰਤੋਂ ਨਾਲ ਸੜਕ ਦਾ ਨਿਰਮਾਣ ਕੀਤਾ ਗਿਆ ਹੈ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਦੱਸਿਆ ਕਿ ਪਲਾਸਟਿਕ ਦੀ ਵਰਤੋਂ ਸੜਕਾਂ ਦੇ ਨਿਰਮਾਣ ਲਈ ਕਰਨ ਨਾਲ ਪਲਾਸਟਿਕ ਰਹਿੰਦ-ਖੂੰਹਦ ਦੀ ਸਮੱਸਿਆ ਦਾ ਨਿਪਟਾਰਾ ਕਰਨ ਵਿੱਚ ਸਫਲਤਾ ਮਿਲੇਗੀ ਜਿਸ ਨਾਲ ਵਾਤਾਵਰਣ ਨੂੰ ਸਾਫ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਬਣਾਇਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਸੜਕਾਂ ਨੂੰ ਪਹਿਲਾਂ ਨਾਲੋਂ ਵਧੀਆ ਕੁਆਲਿਟੀ ਦਾ ਬਣਾਇਆ ਜਾ ਸਕੇਗਾ। ਇਸ ਦੇ ਨਾਲ ਹੀ ਸੜਕਾਂ ਬਣਾਉਣ ਦੀ ਲਾਗਤ ਵੀ ਘੱਟ ਆਵੇਗੀ। ਉਨ੍ਹਾਂ ਦੱਸਿਆ ਕਿ ਇਸਦੇ ਤਤਕਾਲ ਨਤੀਜੇ ਤਸੱਲੀਬਖਸ਼ ਹਨ। ਜਲਦ ਹੀ ਹੋਰ ਕਮੇਟੀ/ਕਾਰਪੋਰੇਸ਼ਨ ਵਿੱਚ ਪਲਾਸਟਿਕ ਦੀ ਵਰਤੋਂ ਸੜਕਾਂ ਦੇ ਕੰਮ ਵਿੱਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਡੇਰਾ ਸਿਰਸਾ ਮੁਖੀ ਖ਼ਿਲਾਫ਼ ਬੋਲਣ ਤੋਂ ਮਨੀਸ਼ਾ ਗੁਲਾਟੀ ਨੇ ਕੀਤਾ ਇਨਕਾਰ

-PTC News

Related Post