ਬੀਬੀ ਜਗੀਰ ਕੌਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨਾਲ ਕੀਤੀ ਇਕੱਤਰਤਾ

By  Shanker Badra February 11th 2021 07:00 PM

ਅੰਮ੍ਰਿਤਸਰ :  ਰਾਗੀ ਜਥਿਆਂ ਨੂੰ 40 ਸਾਲ ਦੇ ਕਰੀਬ ਕੀਰਤਨ ਸਿਖਲਾਈ ਦੇਣ ਵਾਲੇ ਪ੍ਰੋ. ਅਵਤਾਰ ਸਿੰਘ ਨਾਜ਼ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ। ਇਹ ਐਲਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਜਥਿਆਂ ਨਾਲ ਇਥੇ ਕੀਤੀ ਗਈ ਇਕੱਤਰਤਾ ਦੌਰਾਨ ਰਾਗੀ ਸਿੰਘਾਂ ਦੀ ਮੰਗ ’ਤੇ ਕੀਤਾ। ਪ੍ਰੋ. ਨਾਜ਼ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਸ੍ਰੀ ਅੰਮ੍ਰਿਤਸਰ ਵਿਖੇ ਚੱਲਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਦਰ ਰਾਗੀ ਜਥਿਆਂ ਨੂੰ ਕੀਰਤਨ ਸਿਖਲਾਈ ਦਿੰਦੇ ਰਹੇ ਹਨ।

ਉਨ੍ਹਾਂ ਪਾਸੋਂ ਕੌਮ ਦੇ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ, ਭਾਈ ਰਵਿੰਦਰ ਸਿੰਘ, ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਕੀਰਤਨੀ ਜਥਿਆਂ ਨੇ ਸਿਖਲਾਈ ਪ੍ਰਾਪਤ ਕੀਤੀ ਹੈ। ਇਕੱਤਰਤਾ ਦੌਰਾਨ ਬੀਬੀ ਜਗੀਰ ਕੌਰ ਨੇ ਰਾਗੀ ਜਥਿਆਂ ਨਾਲ ਸ਼ਤਾਬਦੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਰਾਗੀ ਜਥਿਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਥਾਵਾਂ ’ਤੇ ਗੁਰਮਤਿ ਸਮਾਗਮ ਕੀਤੇ ਜਾਣਗੇ। ਇਨ੍ਹਾਂ ਸਮਾਗਮਾਂ ਸਮੇਂ ਰਾਗੀ ਜਥਿਆਂ ਦੀਆਂ ਸੇਵਾਵਾਂ ਅਹਿਮ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ, ਤਲਵੰਡੀ ਸਾਬੋ, ਬਾਬਾ ਬਕਾਲਾ ਸਾਹਿਬ, ਧਮਧਾਨ ਸਾਹਿਬ ਸਮੇਤ ਦੇਸ਼ ਅੰਦਰ ਕਈ ਥਾਵਾਂ ’ਤੇ ਗੁਰਮਤਿ ਸਮਾਗਮ ਹੋਣਗੇ। ਇਸ ਤੋਂ ਇਲਾਵਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਵੀ ਮਨਾਈ ਜਾ ਰਹੀ ਹੈ। ਸਾਰੇ ਸਮਾਗਮਾਂ ਦੀਆਂ ਤਿਆਰੀਆਂ ਜਾਰੀ ਹਨ। ਉਨ੍ਹਾਂ ਕਿਹਾ ਕਿ ਸੰਗਤ ਉੱਪਰ ਗੁਰਬਾਣੀ ਕੀਰਤਨ ਦਾ ਪ੍ਰਭਾਵ ਅਮਿੱਟ ਹੈ, ਇਸ ਲਈ ਸ਼ਤਾਬਦੀਆਂ ਦੌਰਾਨ ਰਾਗੀ ਜਥਿਆਂ ਨੂੰ ਵੱਖ-ਵੱਖ ਥਾਵਾਂ ’ਤੇ ਭੇਜਿਆ ਜਾਵੇਗਾ। ਇਸੇ ਦੌਰਾਨ ਰਾਗੀ ਜਥਿਆਂ ਨੇ ਸ਼ਤਾਬਦੀਆਂ ਦੌਰਾਨ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਅਤੇ ਆਪਣੀਆਂ ਮੰਗਾਂ ’ਤੇ ਗੌਰ ਕਰਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਧੰਨਵਾਦ ਕੀਤਾ।

ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਅੰਤ੍ਰਿੰਗ ਕਮੇਟੀ ਮੈਂਬਰ ਬਾਬਾ ਚਰਨਜੀਤ ਸਿੰਘ ਜੱਸੋਵਾਲ, ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ. ਜਰਨੈਲ ਸਿੰਘ ਡੋਗਰਾਂਵਾਲਾ, ਮੈਨੇਜਰ ਸ. ਮੁਖਤਾਰ ਸਿੰਘ ਚੀਮਾ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ, ਭਾਈ ਉਂਕਾਰ ਸਿੰਘ, ਭਾਈ ਕਰਨੈਲ ਸਿੰਘ, ਭਾਈ ਸ਼ੌਕੀਨ ਸਿੰਘ, ਭਾਈ ਜਗਤਾਰ ਸਿੰਘ, ਭਾਈ ਸਤਿੰਦਰਬੀਰ ਸਿੰਘ ਅਤੇ ਹੋਰ ਰਾਗੀ ਸਿੰਘ ਹਾਜ਼ਰ ਸਨ।

-PTCNews

Related Post