ਲਾਲ ਕਿਲਾ ਹਿੰਸਾ 'ਚ ਕੈਬਨਿਟ ਮੰਤਰੀ ਭੁੱਲਰ ਦਾ ਵੀਡੀਓ ਵਾਇਰਲ, ਕਾਂਗਰਸ ਆਗੂ ਨੇ ਮੰਗਿਆ ਸਪਸ਼ਟੀਕਰਨ

By  Jasmeet Singh August 9th 2022 02:13 PM -- Updated: August 9th 2022 02:54 PM

ਨਵੀਂ ਦਿੱਲੀ, 9 ਅਗਸਤ: ਕਾਂਗਰਸ ਆਗੂ ਅਤੇ ਵਿਧਾਇਕ ਸੁਖਪਾਲ ਖਹਿਰਾ ਨੇ ਇੱਕ ਵੀਡੀਓ ਟਵੀਟ ਕੀਤੀ ਹੈ ਜਿਸ ਵਿੱਚ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਕਿਸਾਨ ਅੰਦੋਲਨ ਵਿੱਚ ਦੀਪ ਸਿੱਧੂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ ਲਾਲਜੀਤ ਭੁੱਲਰ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ।

26 ਜਨਵਰੀ 2021 ਨੂੰ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਟਰੈਕਟਰ ਮਾਰਚ ਦੌਰਾਨ ਲਾਲ ਕਿਲੇ 'ਤੇ ਕੇਸਰੀ ਝੰਡਾ ਲਹਿਰਾਉਣ ਵੇਲੇ ਦੀਪ ਸਿੱਧੂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਅੰਤ ਵਿੱਚ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਨੂੰ ਵੀ ਸਾਫ ਸਾਫ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਟਵੀਟ ਕਰਦਿਆਂ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਹੈ ਕਿ ਕੀ ਇਹ ਦੇਸ਼ ਵਿਰੋਧੀ ਨਹੀਂ ਸੀ ਅਤੇ ਜੇਕਰ ਅਜਿਹਾ ਹੈ ਤਾਂ ਉਨ੍ਹਾਂ ਲਾਲਜੀਤ ਸਿੰਘ ਭੁੱਲਰ ਨੂੰ ਮੰਤਰੀ ਮੰਡਲ ਵਿੱਚ ਕਿਉਂ ਰੱਖਿਆ?

ਵੀਡੀਓ 'ਚ ਦੇਖਿਆ ਜਾ ਸਕਦਾ ਕਿ 26 ਜਨਵਰੀ ਨੂੰ ਜਦੋਂ ਨੌਜਵਾਨਾਂ ਦੇ ਇੱਕ ਸਮੂਹ ਨੇ ਲਾਲ ਕਿਲੇ 'ਤੇ ਕੇਸਰੀ ਝੰਡਾ ਲਹਿਰਾਇਆ ਸੀ ਤਾਂ ਦੀਪ ਸਿੱਧੂ ਦੇ ਨਾਲ ਲਾਲਜੀਤ ਭੁੱਲਰ ਵੀ ਉਥੇ ਮੌਜੂਦ ਸਨ। ਦੱਸ ਦੇਈਏ ਕਿ ਇਸ ਘਟਨਾ ਦੀ ਦੇਸ਼ ਭਰ ਵਿੱਚ ਸਖ਼ਤ ਨਿੰਦਾ ਹੋਈ ਸੀ।

ਟਵੀਟ ਵਿੱਚ ਖਹਿਰਾ ਨੇ ਲਿਖਿਆ, "ਪਿਆਰੇ @ArvindKejriwal & @BhagwantMann ਜੀ ਕਿਰਪਾ ਕਰਕੇ ਸਪੱਸ਼ਟ ਕਰੋ ਕਿ ਕੀ ਤੁਹਾਡਾ ਟਰਾਂਸਪੋਰਟ ਮੰਤਰੀ @Laljitbhullar ਦੀਪ ਸਿੱਧੂ ਨਾਲ ਲਾਲ ਕਿਲੇ 'ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਦਾ ਹਿੱਸਾ ਰਿਹਾ ਹੈ? ਜੇਕਰ ਹਾਂ ਤਾਂ ਸਾਡੇ ਮੁੱਖ ਮੰਤਰੀ ਉਨ੍ਹਾਂ ਨੂੰ ਦੇਸ਼ ਵਿਰੋਧੀ ਕਿਵੇਂ ਕਹਿੰਦੇ ਨੇ ਅਤੇ ਉਨ੍ਹਾਂ ਨੂੰ ਆਪਣੀ ਕੈਬਨਿਟ ਵਿੱਚ ਮੰਤਰੀ ਕਿਵੇਂ ਰੱਖ ਸਕਦੇ ਨੇ?"

ਇਸ ਟਵੀਟ 'ਚ ਖਹਿਰਾ ਨੇ ਮਾਨ ਤੇ ਕੇਜਰੀਵਾਲ ਨੂੰ ਪੁੱਛਿਆ ਕਿ ਕੀ ਇਹ ਦੇਸ਼ ਵਿਰੋਧੀ ਕਿਰਿਆ ਨਹੀਂ ਸੀ? ਲਾਲਜੀਤ ਭੁੱਲਰ ਦੇ ਮੌਕੇ 'ਤੇ ਮੌਜੂਦ ਹੋਣ ਨਾਲ ਇਸ ਮੁੱਦੇ 'ਤੇ ਸਿਆਸੀ ਜੰਗ ਛਿੜਨੀ ਲਾਜ਼ਮੀ ਹੈ।

-PTC News

Related Post