ਵਿਜੀਲੈਂਸ ਵੱਲੋਂ ਬੇਨਿਯਮੀਆਂ ਤਹਿਤ 5 ਠੇਕੇਦਾਰਾਂ ਖ਼ਿਲਾਫ਼ ਕੇਸ ਦਰਜ

By  Ravinder Singh September 16th 2022 04:45 PM

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਨ ਫ਼ਰੀਦਕੋਟ ਜ਼ਿਲ੍ਹੇ 'ਚ ਜੈਤੋ ਤੇ ਕੋਟਕਪੂਰਾ ਦੀਆਂ ਅਨਾਜ ਮੰਡੀਆਂ ਲਈ ਢੋਆ-ਢੁਆਈ (ਟਰਾਂਸਪੋਰਟੇਸ਼ਨ) ਟੈਂਡਰ ਮਨਜ਼ੂਰ ਕਰਨ ਉਤੇ ਇਸ ਅਮਲ 'ਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਉਕਤ ਦੋਵਾਂ ਮੰਡੀਆਂ ਦੇ ਪੰਜ ਠੇਕੇਦਾਰਾਂ ਦੇ ਨਾਲ-ਨਾਲ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਸਮੇਤ ਸਬੰਧਤ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਫ਼ਰੀਦਕੋਟ ਵਿਚ ਮਿਲੀ ਸ਼ਿਕਾਇਤ 'ਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਉਪਰੰਤ ਰਿਸ਼ੂ ਮਿੱਤਲ ਠੇਕੇਦਾਰ, ਪਵਨ ਕੁਮਾਰ ਠੇਕੇਦਾਰ, ਵਿਸ਼ੂ ਮਿੱਤਲ ਠੇਕੇਦਾਰ ਤੇ ਪ੍ਰੇਮ ਚੰਦ ਠੇਕੇਦਾਰ, ਯੋਗੇਸ਼ ਗੁਪਤਾ ਠੇਕੇਦਾਰ ਖਿਲਾਫ਼ ਥਾਣਾ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ 'ਚ ਮਾਮਲਾ ਦਰਜ ਕਰ ਲਿਆ ਗਿਆ ਤੇ ਬਾਕੀ ਮੁਲਜ਼ਮਾਂ ਤੇ ਹੋਰ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਵੀ ਵਿਚਾਰੀ ਜਾਵੇਗੀ।

ਵਿਜੀਲੈਂਸ ਵੱਲੋਂ ਬੇਨਿਯਮੀਆਂ ਤਹਿਤ 5 ਠੇਕੇਦਾਰਾਂ ਖ਼ਿਲਾਫ਼ ਕੇਸ ਦਰਜਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਉਕਤ ਠੇਕੇਦਾਰਾਂ ਵੱਲੋਂ ਸਾਲ 2019-20 'ਚ ਭਰੇ ਗਏ ਟੈਂਡਰਾਂ ਨਾਲ ਨੱਥੀ ਕੀਤੀਆਂ ਟਰੱਕਾਂ ਦੀਆਂ ਸੂਚੀਆਂ 'ਚ ਗ਼ਲਤ ਰਜਿਸਟ੍ਰੇਸ਼ਨ ਨੰਬਰ ਦਿੱਤੇ ਗਏ ਸਨ ਜੋ ਕਿ ਸਾਲ 2019-20 ਦੀ ਟੈਂਡਰ ਪਾਲਿਸੀ ਦੀ ਕਲਾਜ-5 ਦੇ ਸਬ-ਪੈਰ੍ਹਾ ਦੇ ਨੋਟ-5 ਦੀ ਉਲੰਘਣਾ ਹੈ। ਇਨ੍ਹਾਂ ਸਾਹਮਣੇ ਆਏ ਤੱਥਾਂ ਮੁਤਾਬਿਕ ਵਿਭਾਗ ਦੀ ਜ਼ਿਲ੍ਹਾ ਟੈਂਡਰ ਕਮੇਟੀ ਵੱਲੋਂ ਸਬੰਧਤ ਠੇਕੇਦਾਰਾਂ ਦੀ ਤਕਨੀਕੀ ਬੋਲੀ ਹੀ ਖ਼ਾਰਿਜ ਕਰਨੀ ਬਣਦੀ ਸੀ ਜੋ ਕਿ ਨਹੀਂ ਕੀਤੀ ਗਈ ਜਿਸ ਤੋਂ ਸਬੰਧਤ ਅਧਿਕਾਰੀਆਂ/ਮੁਲਾਜ਼ਮਾਂ ਤੇ ਠੇਕੇਦਾਰਾਂ ਆਪਸੀ ਮਿਲੀਭੁਗਤ ਜ਼ਾਹਿਰ ਹੁੰਦੀ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਉਪਰੋਕਤ ਠੇਕੇਦਾਰਾਂ ਵੱਲੋਂ ਜੋ ਅਨਾਜ ਦੀ ਢੋਆ-ਢੁਆਈ ਸਮੇਂ ਖ਼ਰੀਦ ਏਜੰਸੀਆਂ ਵੱਲੋਂ ਕੱਟੇ ਗਏ ਗੇਟ ਪਾਸਾਂ 'ਚ ਵੀ ਦਰਜ ਕਈ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਮੋਟਰ ਸਾਈਕਲਾਂ/ਮਿੰਨੀ ਬੱਸਾਂ ਦੇ ਹਨ ਅਤੇ ਇਨ੍ਹਾਂ ਵਾਹਨਾਂ ਉਤੇ ਜਿਣਸ ਦੀ ਢੋਆ-ਢੁਆਈ ਨਹੀਂ ਕੀਤੀ ਜਾ ਸਕਦੀ। ਪੜਤਾਲ ਦੌਰਾਨ ਇਨ੍ਹਾਂ ਗੇਟ ਪਾਸਾਂ 'ਚ ਉਕਤ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਦੇ ਨਾਲ-ਨਾਲ ਜਿਣਸ ਦੀ ਮਿਕਦਾਰ ਦਾ ਦਿੱਤਾ ਵੇਰਵਾ ਵੀ ਪਹਿਲੀ ਨਜ਼ਰੇ ਫਰਜ਼ੀ ਰਿਪੋਟਿੰਗ ਦਾ ਮਾਮਲਾ ਦਿਖਾਈ ਦਿੰਦਾ ਹੈ ਤੇ ਇਨ੍ਹਾਂ ਗੇਟ ਪਾਸਾਂ 'ਚ ਦਰਸਾਈ ਜਿਣਸ ਦੇ ਘਪਲੇ ਦਾ ਮਾਮਲਾ ਵੀ ਉਜਾਗਰ ਹੁੰਦਾ ਹੈ।

ਇਹ ਵੀ ਪੜ੍ਹੋ : 'ਆਪ' ਅਪ੍ਰੇਸ਼ਨ ਲੋਟਸ ਦੇ ਸਬੂਤ ਪੇਸ਼ ਕਰ ਕੇ ਹਾਈ ਕੋਰਟ ਦੇ ਸਿਟਿੰਗ ਜੱਜ ਕੋਲੋਂ ਕਰਵਾਏ ਜਾਂਚ : ਤਰੁਣ ਚੁੱਘ

ਉਨਾਂ ਦੱਸਿਆ ਕਿ ਖ਼ਰੀਦ ਏਜੰਸੀਆਂ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਇਨ੍ਹਾਂ ਗੇਟ ਪਾਸਾਂ ਨੂੰ ਬਿਨਾਂ ਵੈਰੀਫਾਈ ਕੀਤਿਆਂ ਠੇਕੇਦਾਰਾਂ ਨੂੰ ਅਦਾਇਗੀ ਕੀਤੀ ਗਈ ਹੈ। ਇਸ ਸਬੰਧੀ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਉਤੇ ਜਿਣਸ ਦੀ ਢੋਆ-ਢੁਆਈ ਦਿਖਾਈ ਗਈ ਹੈ। ਇਸ ਤਰ੍ਹਾਂ ਉਕਤ ਠੇਕੇਦਾਰਾਂ ਤੋਂ ਇਲਾਵਾ ਮਹਿਕਮਾ ਖ਼ੁਰਾਕ ਸਪਲਾਈ ਤੇ ਖਪਤਕਾਰ ਮਾਮਲੇ ਫ਼ਰੀਦਕੋਟ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਤੇ ਸਬੰਧਤ ਖ਼ਰੀਦ ਏਜੰਸੀਆਂ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਅਨਾਜ ਮੰਡੀਆਂ 'ਚ ਢੋਆ-ਢੁਆਈ ਲਈ ਹੋਏ ਲੇਬਰ ਕਾਰਟੇਜ਼ ਤੇ ਟਰਾਂਸਪੋਰਟ ਦੇ ਟੈਂਡਰਾਂ ਵਿੱਚ ਘਪਲੇਬਾਜ਼ੀ ਕੀਤੀ ਗਈ ਹੈ ਜਿਸ ਕਰਕੇ ਉਕਤ ਠੇਕੇਦਾਰਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਬਾਕੀ ਮੁਲਜ਼ਮਾਂ ਤੇ ਹੋਰ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਤਫਤੀਸ਼ ਦੌਰਾਨ ਵਿਚਾਰੀ ਜਾਵੇਗੀ।

-PTC News

 

Related Post