ASI ਦੀ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ, ਮੁਅੱਤਲ ਕਰਕੇ ਕੀਤਾ ਗ੍ਰਿਫ਼ਤਾਰ

By  Pardeep Singh October 20th 2022 12:32 PM -- Updated: October 20th 2022 12:35 PM

 ਅੰਮ੍ਰਿਤਸਰ: ਅੰਮ੍ਰਿਤਸਰ 'ਚ ਸਰਕਾਰੀ ਰਿਵਾਲਵਰ ਦਿਖਾਉਂਦੇ ਹੋਏ ASI ਦੇ ਹੱਥੋਂ ਚੱਲੀ ਗੋਲੀ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਗੁੱਸੇ ਵਿੱਚ ਆਏ ਦੁਕਾਨਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਧਰਨਾ ਦਿੱਤਾ। ਪਰਿਵਾਰ ਦੇ ਮੈਂਬਰ ਏਐਸਆਈ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਪੁਲੀਸ ਨੇ ਕਾਰਵਾਈ ਕਰਦਿਆਂ ਉਸ ਨੂੰ ਮੁਅੱਤਲ ਵੀ ਕਰ ਦਿੱਤਾ ਹੈ। ਉਸ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਏਐਸਆਈ ਹਰਭਜਨ ਸਿੰਘ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਲਿਬਰਟੀ ਮਾਰਕੀਟ ਵਿੱਚ ਮੋਬਾਈਲ ਦੀ ਦੁਕਾਨ ’ਤੇ ਮੋਬਾਈਲ ਦੇਖਣ ਆਏ ਸਨ। ਇਸ ਦੌਰਾਨ ਉਹ ਆਪਣੀ ਸਰਕਾਰੀ ਪਿਸਤੌਲ ਦਿਖਾ ਕੇ ਪ੍ਰਦਰਸ਼ਨ ਕਰ ਰਿਹਾ ਸੀ। ਇਸ ਦੌਰਾਨ ਰਿਵਾਲਵਰ 'ਚੋਂ ਗੋਲੀ ਚੱਲ ਗਈ ਅਤੇ ਸਾਹਮਣੇ ਮੋਬਾਈਲ ਦਿਖਾ ਰਹੇ 27 ਸਾਲਾ ਸ਼ਕਤੀ ਨਗਰ ਨਿਵਾਸੀ ਅੰਕੁਸ਼ ਦੀ ਛਾਤੀ 'ਚ ਜਾ ਲੱਗੀ। ਦੁਕਾਨਦਾਰਾਂ ਨੇ ਤੁਰੰਤ ਅੰਕੁਸ਼ ਨੂੰ ਅਮਨਦੀਪ ਹਸਪਤਾਲ ਦਾਖਲ ਕਰਵਾਇਆ।

ਏਐਸਆਈ ਹਰਭਜਨ ਸਿੰਘ ਲਾਰੈਂਸ ਰੋਡ ਚੌਕੀ ’ਤੇ ਤਾਇਨਾਤ ਸਨ। ਜਦੋਂ ਹਾਦਸਾ ਵਾਪਰਿਆ ਤਾਂ ਉਹ ਡਿਊਟੀ 'ਤੇ ਸੀ। ਡਿਊਟੀ ਅੱਧ ਵਿਚਾਲੇ ਛੱਡ ਕੇ ਉਹ ਮੋਬਾਈਲ ਲੈਣ ਪਹੁੰਚ ਗਿਆ ਸੀ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਗੋਲੀ ਲੱਗਣ ਤੋਂ ਬਾਅਦ ਅੰਕੁਸ਼ ਦੀ ਹਾਲਤ ਦੇਖ ਕੇ ਏਐਸਆਈ ਮੌਕੇ ਤੋਂ ਭੱਜਣ ਲੱਗਾ ਪਰ ਲੋਕਾਂ ਨੇ ਉਸ ਨੂੰ ਫੜ ਲਿਆ।

ਇਹ ਵੀ ਪੜ੍ਹੋ: ਮੈਦਾਨ ਦੇ ਪਖ਼ਾਨਿਆਂ 'ਚੋਂ ਮਿਲੇ ਟੀਕੇ ਤੇ ਸਿਰਿੰਜਾਂ, 'ਖੇਡਾਂ ਵਤਨ ਪੰਜਾਬ ਦੀਆਂ' 'ਤੇ ਡੋਪ ਟੈਸਟ ਦੇ ਬੱਦਲ ਛਾਏ!

-PTC News

Related Post