ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਕਸ਼ਨ, ਬਲਬੀਰ ਸਿੰਘ ਰਾਜੇਵਾਲ ਅਤੇ ਗੁਰਨਾਮ ਸਿੰਘ ਚਢੂਨੀ ਹਾਈਪਾਵਰ ਕਮੇਟੀ ਚੋ ਬਾਹਰ
ਦਿੱਲੀ-ਹਰਿਆਣਾ ਸਥਿੱਤ ਸਿੰਘੂ ਬਾਰਡਰ 'ਤੇ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਸਮਾਪਤ ਹੋ ਚੁੱਕੀ ਹੈ। ਸੰਯੁਕਤ ਕਿਸਾਨ ਮੋਰਚਾ ਦੀ ਇਸ ਅਹਿਮ ਮੀਟਿੰਗ ਵਿੱਚ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੀਆਂ 20 ਤੋਂ ਵੱਧ ਕਿਸਾਨ ਜਥੇਬੰਦੀਆਂ ਨੂੰ 4 ਮਹੀਨਿਆਂ ਲਈ ਬਾਹਰ ਕਰਨ ਦਾ ਫੈਸਲਾ ਲਿਆ ਗਿਆ ਹੈ। ਰਾਕੇਸ਼ ਟਿਕੈਤ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਉਹ ਲਖੀਮਪੁਰ ਖੀਰੀ ਜਾਉਣਗੇ ਅਤੇ ਸਾਰਿਆਂ ਨਾਲ ਗੱਲਬਾਤ ਕਰਕੇ ਫੈਸਲਾ ਕਰਣਗੇ ਕਿ ਅੰਦੋਲਨ ਨੂੰ ਦੋਬਾਰਾ ਕਿਵੇਂ ਸ਼ੁਰੂ ਕਰਨਾ ਹੈ? ਉਨ੍ਹਾਂ ਕਿਹਾ ਅਸੀਂ ਸਰਕਾਰੀ-ਅਧਿਕਾਰੀ ਨਾਲ ਵੀ ਗੱਲ ਕਰਾਂਗੇ, ਇਸ ਦੇ ਨਾਲ ਇਹ ਵੀ ਕਿਹਾ ਕਿ ਅਸੀਂ ਅਜੇ ਤੱਕ ਕਿਸੇ ਨੂੰ ਸਸਪੈਂਡ ਨਹੀਂ ਕੀਤਾ ਹੈ, ਫਿਰ ਵੀ ਚੋਣ ਲੜਨ ਵਾਲੇ ਨਾਲੋਂ ਨਾਤਾ ਤੋੜਿਆ ਹੈ, ਚਾਰ ਮਹੀਨਿਆਂ ਬਾਅਦ ਇਸ ਬਾਰੇ ਦੁਬਾਰਾ ਫੈਸਲਾ ਲਵਾਂਗੇ।
ਦਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਸ਼ੁਰੂ ਤੋਂ ਹੀ ਇਹ ਐਲਾਨ ਕੀਤਾ ਸੀ ਕਿ ਇਹ ਪੂਰੀ ਤਰ੍ਹਾਂ ਗੈਰ-ਸਿਆਸੀ ਜਥੇਬੰਦੀ ਹੈ, ਪਰ ਜਿਵੇਂ ਹੀ ਇਹ ਰੋਸ ਮੁਜ਼ਾਹਰਾ ਖਤਮ ਹੋਇਆ ਤਾਂ ਫਰੰਟ ਵਿੱਚ ਸ਼ਾਮਲ ਕਈ ਜਥੇਬੰਦੀਆਂ ਨੇ ਪੰਜਾਬ ਵਿੱਚ ਚੋਣ ਲੜਨ ਦਾ ਐਲਾਨ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਚਢੂਨੀ) ਨੇ ਸਭ ਤੋਂ ਪਹਿਲਾਂ ਆਪਣੀ ਪਾਰਟੀ ਬਣਾਈ ਸੀ ਜੋ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਤਰੀ। ਇਸੇ ਤਰ੍ਹਾਂ ਮੋਰਚੇ ਵਿੱਚ ਸ਼ਾਮਲ ਪੰਜਾਬ ਦੇ 22 ਕਿਸਾਨ ਜੱਥੇਬੰਦੀਆਂ ਨੇ ਵੀ ਵੱਖਰਾ ਫਰੰਟ ਬਣਾ ਕੇ ਚੋਣ ਲੜਨ ਦਾ ਐਲਾਨ ਕੀਤਾ ਹੈ ਅਤੇ ਮੋਰਚੇ ਦੇ ਅਹਿਮ ਮੈਂਬਰ ਬਲਬੀਰ ਸਿੰਘ ਰਾਜੇਵਾਲ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਇਹ ਵੀ ਅਹਿਮ ਫੈਸਲਾ ਲਿਆ ਗਿਆ ਹੈ ਕਿ ਅਜਿਹੀਆਂ ਕਿਸਾਨ ਜਥੇਬੰਦੀਆਂ 4 ਮਹੀਨਿਆਂ ਲਈ ਬਾਹਰ ਰਹਿਣਗੀਆਂ।
ਮਹੱਤਵਪੂਰਨ ਗੱਲ ਇਹ ਹੈ ਕਿ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਨਵੰਬਰ 2021 ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਸ਼ੁਰੂ ਹੋਇਆ ਸੀ, ਜੋ ਦਸੰਬਰ ਦੇ ਦੂਜੇ ਪੰਦਰਵਾੜੇ ਵਿੱਚ ਸਮਾਪਤ ਹੋਇਆ। ਅੰਦੋਲਨ ਨੂੰ ਖਤਮ ਹੋਏ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਸੰਯੁਕਤ ਕਿਸਾਨ ਮੋਰਚਾ ਅਜੇ ਵੀ ਸਰਗਰਮ ਹੈ। ਇਸੇ ਕੜੀ 'ਚ ਸ਼ਨੀਵਾਰ ਨੂੰ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ 'ਤੇ ਸੰਯੁਕਤ ਕਿਸਾਨ ਮੋਰਚਾ ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਦੇ ਨਾਲ-ਨਾਲ ਕੇਂਦਰ ਸਰਕਾਰ ਦੇ ਵਾਅਦਿਆਂ ਅਤੇ ਭਰੋਸਿਆਂ ਦੀ ਸਮੀਖਿਆ ਕੀਤੀ ਗਈ। ਸ਼ਨੀਵਾਰ ਨੂੰ ਹੋਣ ਵਾਲੀ ਇਸ ਅਹਿਮ ਬੈਠਕ 'ਚ ਕਈ ਹੋਰ ਵੱਡੇ ਐਲਾਨ ਕੀਤੇ ਗਏ ਹਨ।
(ਪੀਟੀਸੀ ਪਤਰਕਾਰ ਰਮਨ ਸ਼ਰਮਾ ਦੀ ਰਿਪੋਰਟ)