Sat, May 11, 2024
Whatsapp

ਕੋਰੋਨਾ ਮਹਾਮਾਰੀ ਦੀ ਮਾਰ - Ola ਵੱਲੋਂ 1400 ਮੁਲਾਜ਼ਮਾਂ ਦੀ ਛਾਂਟੀ ਦਾ ਐਲਾਨ

Written by  Panesar Harinder -- May 21st 2020 12:53 PM
ਕੋਰੋਨਾ ਮਹਾਮਾਰੀ ਦੀ ਮਾਰ - Ola ਵੱਲੋਂ 1400 ਮੁਲਾਜ਼ਮਾਂ ਦੀ ਛਾਂਟੀ ਦਾ ਐਲਾਨ

ਕੋਰੋਨਾ ਮਹਾਮਾਰੀ ਦੀ ਮਾਰ - Ola ਵੱਲੋਂ 1400 ਮੁਲਾਜ਼ਮਾਂ ਦੀ ਛਾਂਟੀ ਦਾ ਐਲਾਨ

ਨਵੀਂ ਦਿੱਲੀ - ਛੋਟੇ ਤੇ ਵੱਡੇ ਸਮੇਤ ਹਰ ਤਰ੍ਹਾਂ ਦੇ ਕਾਰੋਬਾਰਾਂ 'ਤੇ ਪੈ ਰਿਹਾ ਕੋਰੋਨਾ ਮਹਾਮਾਰੀ ਦਾ ਮਾਰੂ ਅਸਰ ਅਤੇ ਮਾਲੀਏ ਦੇ ਘਾਟੇ, ਤਲਵਾਰ ਬਣ ਕੰਪਨੀਆਂ ਦੇ ਮੁਲਾਜ਼ਮਾਂ ਦੀ ਨੌਕਰੀ ਉੱਤੇ ਵਾਰ ਕਰ ਰਹੇ ਹਨ। ਕਈਆਂ ਥਾਵਾਂ 'ਤੇ ਤਨਖ਼ਾਹਾਂ ਘਟਾਉਣ ਦੇ ਤੇ ਕਈ ਥਾਵਾਂ ਤੋਂ ਮੁਲਾਜ਼ਮਾਂ ਦੀ ਛਾਂਟੀ ਕੀਤੇ ਜਾਣ ਦੇ ਚਰਚੇ ਚਿੰਤਾਵਾਂ ਦੇ ਕਾਰਨ ਬਣ ਰਹੇ ਹਨ। ਹਥਲੀ ਖ਼ਬਰ ਇੰਟਰਨੈੱਟ ਰਾਹੀਂ ਚੱਲਣ ਵਾਲੀ ਕੰਪਨੀ ਓਲਾ ਬਾਰੇ ਹੈ। ਕੈਬ ਕੰਪਨੀ ਓਲਾ ਰਾਈਡਜ਼, ਫ਼ਾਈਨੈਂਸ਼ੀਅਲ ਸਰਵਿਸਿਜ਼ ਤੇ ਫੂਡ ਬਿਜ਼ਨੈਸ ਨਾਲ ਜੁੜੇ 1400 ਮੁਲਾਜ਼ਮਾਂ ਦੀ ਛੁੱਟੀ ਕਰਨ ਜਾ ਰਹੀ ਹੈ। ਇਸ ਪਿੱਛੇ ਕੰਪਨੀ ਨੇ ਕਾਰਨ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਿਛਲੇ ਦੋ ਮਹੀਨਿਆਂ 'ਚ ਕੰਪਨੀ ਦੇ ਮਾਲੀਏ 'ਚ ਆਈ 95% ਦੀ ਗਿਰਾਵਟ ਨੂੰ ਮੁੱਖ ਕਾਰਨ ਦੱਸਿਆ ਹੈ। ਕੰਪਨੀ ਦੇ ਸੀਈਓ ਭਾਵੇਸ਼ ਅਗਰਵਾਲ ਨੇ ਕਿਹਾ ਹੈ ਕਿ ਪਿਛਲੇ ਦੋ ਮਹੀਨਿਆਂ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਵਾਰੀ, ਵਿੱਤੀ ਸੇਵਾਵਾਂ ਅਤੇ ਭੋਜਨ ਕਾਰੋਬਾਰ ਤੋਂ ਉਨ੍ਹਾਂ ਦੀ ਆਮਦਨ 'ਚ 95 ਫ਼ੀਸਦੀ ਦੀ ਗਿਰਾਵਟ ਆਈ ਹੈ ਅਤੇ ਇਸ ਕਾਰਨ ਉਹ 1400 ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾ ਰਹੇ ਹਨ। ਕੰਪਨੀ ਮੁਲਾਜ਼ਮਾਂ ਨੂੰ ਭੇਜੀ ਗਈ ਇੱਕ ਈਮੇਲ 'ਚ ਅਗਰਵਾਲ ਨੇ ਸਪੱਸ਼ਟ ਕੀਤਾ ਕਿ ਕਾਰੋਬਾਰ ਦਾ ਭਵਿੱਖ ਬਹੁਤ ਅਸਪੱਸ਼ਟ ਤੇ ਅਨਿਸ਼ਚਿਤ ਹੈ ਅਤੇ ਯਕੀਨੀ ਤੌਰ 'ਤੇ ਇਸ ਸੰਕਟ ਦਾ ਅਸਰ ਸਾਡੇ 'ਤੇ ਲੰਮੇ ਸਮੇਂ ਤਕ ਰਹੇਗਾ। ਉਨ੍ਹਾਂ ਕਿਹਾ, "ਖ਼ਾਸ ਤੌਰ 'ਤੇ ਸਾਡੇ ਉਦਯੋਗ ਲਈ ਵਾਇਰਸ ਦਾ ਅਸਰ ਬਹੁਤ ਮਾਰੂ ਰਿਹਾ ਹੈ। ਪਿਛਲੇ ਦੋ ਮਹੀਨੀਆਂ 'ਚ ਸਾਡੀ ਕਮਾਈ 'ਚ 95% ਦੀ ਕਮੀ ਆਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸੰਕਟ ਨੇ ਸਾਡੇ ਲੱਖਾਂ ਡਰਾਈਵਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕੀਤਾ ਹੈ।" ਅਗਰਵਾਲ ਨੇ ਕਿਹਾ ਕਿ ਕੰਪਨੀ ਨੇ 1400 ਮੁਲਾਜ਼ਮਾਂ ਦੀ ਛੁੱਟੀ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਛਾਂਟੀ ਸਿਰਫ਼ ਇੱਕੋ ਵਾਰ ਹੋਵੇਗੀ ਅਤੇ ਸਵਾਰੀ ਸੇਵਾ ਲਈ ਇਸ ਹਫ਼ਤੇ ਦੇ ਅੰਤ ਤੱਕ, ਅਤੇ ਓਲਾ ਫ਼ੂਡ ਤੇ ਓਲਾ ਫ਼ਾਈਨੈਂਸ਼ੀਅਲ ਸਰਵਿਸਿਜ਼ ਲਈ ਅਗਲੇ ਹਫ਼ਤੇ ਦੇ ਅੰਤ ਤੱਕ ਕਾਰਵਾਈਆਂ ਨੂੰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਕੋਵਿਡ-19 ਨਾਲ ਸਬੰਧਤ ਕੋਈ ਹੋਰ ਛਾਂਟੀ ਨਹੀਂ ਕੀਤੀ ਜਾਵੇਗੀ। ਅਗਰਵਾਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਜ਼ਿਆਦਾ ਤੋਂ ਜ਼ਿਆਦਾ ਕੰਪਨੀਆਂ ਦੇ ਵੱਡੀ ਗਿਣਤੀ ਮੁਲਾਜ਼ਮ ਘਰ ਤੋਂ ਕੰਮ ਕਰਨਗੇ, ਹਵਾਈ ਯਾਤਰਾ ਸੀਮਤ ਹੋਵੇਗੀ ਅਤੇ ਛੁੱਟੀਆਂ ਦੀਆਂ ਯੋਜਨਾਵਾਂ ਮੁਲਤਵੀ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਗੱਲ ਬਿਲਕੁਲ ਨਿਸ਼ਚਿਤ ਹੈ ਕਿ ਕੋਰੋਨਾ ਸੰਕਟ ਦਾ ਪ੍ਰਭਾਵ ਲੰਮਾ ਰਹੇਗਾ। ਕੋਰੋਨਾ ਤੋਂ ਬਾਅਦ ਵੀ ਦੁਨੀਆ ਇੱਕ ਦਮ ਜਾਂ ਅਚਾਨਕ ਬਦਲਣ ਵਾਲੀ ਨਹੀਂ ਹੈ। ਸਮਾਜਿਕ ਦੂਰੀਆਂ, ਚਿੰਤਾਵਾਂ ਤੇ ਸਾਵਧਾਨੀਆਂ ਲੰਮੇ ਸਮੇਂ ਲਈ ਸਾਡੇ ਨਾਲ ਰਹਿਣਗੀਆਂ। ਬੀਤੇ ਕੁਝ ਸਮੇਂ ਦੌਰਾਨ ਤਕਨੀਕ ਅਧਾਰਿਤ ਕੰਪਨੀਆਂ ਜਿਵੇਂ ਉਬਰ, ਜ਼ੋਮੈਟੋ ਤੇ ਸਵਿਗੀ ਨੇ ਕੋਰੋਨਾ ਮਹਾਮਾਰੀ ਕਾਰਨ ਕਾਰੋਬਾਰ ਲਗਭਗ ਠੱਪ ਵਰਗਾ ਹੋਣ ਦਾ ਹਵਾਲਾ ਦਿੰਦੇ ਹੋਏ, ਛਾਂਟੀ ਦਾ ਐਲਾਨ ਕੀਤਾ ਹੈ। ਜ਼ੋਮੈਟੋ ਨੇ ਆਪਣੇ 4000 ਮੁਲਾਜ਼ਮਾਂ 'ਚੋਂ 13 ਫ਼ੀਸਦੀ ਦੀ ਛਾਂਟੀ ਕੀਤੀ ਹੈ, ਜਦਕਿ ਸਵਿਗੀ ਨੇ ਦੁਨੀਆ ਭਰ ਤੋਂ ਆਪਣੇ ਸਟਾਫ਼ 'ਚੋਂ 3000 ਲੋਕਾਂ ਦੀ ਛਾਂਟੀ ਕਰਨ ਦੀ ਗੱਲ ਕਹੀ ਹੈ। ਇਸੇ ਤਰ੍ਹਾਂ ਉਬਰ ਵੀ ਦੁਨੀਆ ਭਰ 'ਚ 3000 ਲੋਕਾਂ ਦੀ ਛਾਂਟੀ ਕਰ ਰਹੀ ਹੈ। ਉਬਰ ਨੇ ਲਗਭਗ 45 ਥਾਵਾਂ 'ਤੇ ਦਫ਼ਤਰ ਵੀ ਬੰਦ ਕਰਨ ਦੀ ਯੋਜਨਾ ਬਣਾਈ ਹੈ। ਨਾਲ ਹੀ ਉਬਰ ਵੱਲੋਂ ਅਗਲੇ 12 ਮਹੀਨਿਆਂ ਤੱਕ ਆਪਣਾ ਸਿੰਗਾਪੁਰ ਦਫ਼ਤਰ ਵੀ ਬੰਦ ਕੀਤੇ ਜਾਣ ਬਾਰੇ ਵੀ ਕਿਹਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਮਾਰੂ ਅਸਰ ਤੋਂ ਸਮਾਜ ਦਾ ਕੋਈ ਵਰਗ, ਕੋਈ ਖੇਤਰ ਨਹੀਂ ਬਚ ਰਿਹਾ। ਹਰ ਵਰਗ ਦੇ ਲੋਕਾਂ ਉੱਤੇ ਇਸ ਦੀ ਮਾਰ ਪੈ ਰਹੀ ਹੈ ਅਤੇ ਕੰਮਾਂ-ਕਾਰਾਂ ਦੇ ਘਾਟਿਆਂ ਦੇ ਨਾਲ ਨਾਲ, ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਖ਼ਤਰੇ 'ਚ ਆ ਰਹੀਆਂ ਹਨ। ਲੰਮੇ ਸਮੇਂ ਤੱਕ ਦੇਸ਼-ਦੁਨੀਆ ਤੇ ਸਮਾਜ 'ਤੇ ਰਹਿਣ ਵਾਲੇ ਇਸ ਦੇ ਪ੍ਰਭਾਵਾਂ ਨੂੰ ਦੇਖਦੇ ਹੋਏ ਲੋਕਾਂ ਦੀਆਂ ਚਿੰਤਾਵਾਂ ਦਾ ਦਿਨ-ਬ-ਦਿਨ ਵਧਣਾ ਸੁਭਾਵਿਕ ਹੈ।


  • Tags

Top News view more...

Latest News view more...