ਰਾਸ਼ਟਰੀ ਰਾਜਧਾਨੀ 'ਚ ਲਾਏ ਜਾਣਗੇ ਬਾਬਾ ਜੱਸਾ ਸਿੰਘ ਰਾਮਗੜੀਆ,ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਬਘੇਰ ਸਿੰਘ ਦੇ ਕਾਂਸੀ ਦੇ ਬੁੱਤ:ਮਨਜਿੰਦਰ ਸਿਰਸਾ
ਰਾਸ਼ਟਰੀ ਰਾਜਧਾਨੀ 'ਚ ਲਾਏ ਜਾਣਗੇ ਬਾਬਾ ਜੱਸਾ ਸਿੰਘ ਰਾਮਗੜੀਆ,ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਬਘੇਰ ਸਿੰਘ ਦੇ ਕਾਂਸੀ ਦੇ ਬੁੱਤ:ਮਨਜਿੰਦਰ ਸਿਰਸਾ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਰਾਸ਼ਟਰੀ ਰਾਜਧਾਨੀ ਵਿਚ ਬਾਬਾ ਜੱਸਾ ਸਿੰਘ ਰਾਮਗੜੀਆ,ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਬਘੇਲ ਸਿੰਘ ਜੀ ਦੇ ਕਾਂਸੀ ਦੇ ਬੁੱਤ ਲਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਨੌਜਵਾਨ ਪੀੜੀ ਨੂੰ ਇਸ ਤੋਂ ਸਿੱਖਿਆ ਤੇ ਪ੍ਰੇਰਨਾ ਮਿਲ ਸਕੇ।ਇਹ ਜਾਣਕਾਰੀ ਦਿੰਦਿਆਂ ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਡੀ.ਐਸ.ਜੀ.ਐਮ.ਸੀ ਨੇ ਦੱਸਿਆ ਕਿ ਇਹ ਬੁੱਤ ਵਿਸ਼ੇਸ਼ ਮਾਹਿਰ ਮੱਧ ਪ੍ਰਦੇਸ਼ ਦੇ ਗਵਾਲੀਆ ਦੇ ਪ੍ਰਭਾਤ ਰਾਏ ਵੱਲੋਂ ਤਿਆਰ ਕੀਤੇ ਜਾ ਰਹੇ ਹਨ ਅਤੇ ਜੁਲਾਈ ਦੇ ਪਹਿਲੇ ਹਫਤੇ ਤੱਕ ਤਿਆਰ ਹੋ ਜਾਣ ਦੀ ਸੰਭਾਵਨਾ ਹੈ।ਉਹਨਾਂ ਦੱਸਿਆ ਕਿ ਹਰ ਬੁੱਤ 10 ਫੁੱਟ ਚੌੜਾ ਤੇ 12 ਫੁੱਟ ਉੱਚਾ ਹੋਵੇਗਾ।ਉਹਨਾਂ ਦੱਸਿਆ ਕਿ ਬੁੱਤ ਵਾਸਤੇ ਧਾਤਾਂ ਦੀ ਵਰਤੋਂ ਕੀਤੀ ਜਾਵੇਗੀ ਤੇ ਹਰ ਬੁੱਤ 1.25 ਟਨ ਭਾਰ ਦਾ ਹੋਵੇਗਾ।ਸਿਰਸਾ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਇਕ ਟੀਮ ਨੇ ਹਾਲ ਹੀ ਵਿਚ ਗਵਾਲੀਅਰ ਦਾ ਦੌਰਾ ਕੀਤਾ ਸੀ ਤੇ ਬੁੱਤ ਤਿਆਰ ਕੀਤੇ ਜਾਣ ਦਾ ਜਾਇਜ਼ਾ ਲਿਆ ਸੀ ਅਤੇ ਡਿਜ਼ਾਈਨ 'ਤੇ ਤਸੱਲੀ ਪ੍ਰਗਟ ਕੀਤੀ ਸੀ।ਉਹਨਾਂ ਦੱਸਿਆ ਕਿ ਤਿੰਨਾਂ ਮਹਾਨ ਜਰਨੈਲਾਂ ਨੂੰ ਘੋੜੇ 'ਤੇ ਸਜਿਆ ਵਿਖਾਇਆ ਗਿਆ ਹੈ ਜੋ ਕਿ ਇਹਨਾਂ ਦੇ ਮਾਰਸ਼ਲ ਲੀਡਰਸ਼ਿਪ ਸੁਭਾਅ ਨੂੰ ਉਜਾਗਰ ਕਰਦਾ ਹੈ। ਉਹਨਾਂ ਦੱਸਿਆ ਕਿ ਬੁੱਤ ਲਾਉਣ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਇਹਨਾਂ ਤਿੰਨ ਮਹਾਨ ਜਰਨੈਲਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ ਜਿਹਨਾਂ ਨੇ ਸਭ ਤੋਂ ਪਹਿਲਾਂ ਦਿੱਲੀ ਫਤਿਹ ਕੀਤੀ ਤੇ ਮੁਗਲਾਂ ਨੂੰ ਹਰਾਇਆ ਅਤੇ ਮੁਗਲ ਇਹਨਾਂ ਹੱਥੋਂ ਹਾਰ ਕੇ ਦਿੱਲੀ ਛੱਡਣ ਲਈ ਮਜਬੂਰ ਹੋ ਗਏ।ਉਹਨਾ ਕਿਹਾ ਕਿ ਇਹਨਾਂ ਮਹਾਨ ਜਰਨੈਲਾਂ ਦਾ ਇਤਿਹਾਸ ਸਹੀ ਢੰਗ ਨਾਲ ਕਿਤਾਬਾਂ ਵਿਚ ਸ਼ਾਮਲ ਨਹੀਂ ਕੀਤਾ ਗਿਆ ਤੇ ਨੌਜਵਾਨ ਪੀੜੀ ਇਹਨਾਂ ਦੀਆਂ ਜਿੱਤਾਂ ਪ੍ਰਤੀ ਅਣਜਾਣ ਹੈ।ਉਹਨਾਂ ਕਿਹਾ ਕਿ ਬੁੱਤ ਲਾਉਣ ਦੀ ਕਾਰਵਾਈ ਨੌਜਵਾਨਾਂ ਨੂੰ ਇਹਨਾਂ ਤਿੰਨ ਮਹਾਨ ਮਾਰਸ਼ਲ ਜਰਨੈਲਾਂ ਪ੍ਰਤੀ ਜਾਣੂ ਕਰਵਾਉਣ ਵੱਲ ਇਕ ਕਦਮ ਹੈ। -PTCNews