ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ

Delhi Gurdwara Moti Bagh Shaib First Prakash Purab Celebrated

ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤਕ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ।ਪੰਥ ਪ੍ਰਸ਼ਿੱਧ ਰਾਗੀ ਤੇ ਢਾਢੀ ਜੱਥਿਆ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਢਾਢੀ ਪ੍ਰਸੰਗਾ, ਕਥਾਵਾਚਕ ਨੇ ਕਥਾ ਵਿਚਾਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ’ਤੇ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਸਮੂਚੀ ਦੁਨੀਆਂ ਅੰਦਰ ਸਿੱਖ ਸੰਗਤਾਂ ਗੁਰੂ ਸਾਹਿਬਾਨਾਂ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਪੂਰਵਕ ਮਨਾ ਕੇ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਰਹੀਆਂ ਹਨ।ਜਿਥੌਂ ਸਾਨੂੰ ਮਨੁੱਖਤਾ ਦੀ ਸੇਵਾ ਕਰਨ ਦੀ ਪ੍ਰੇਰਣਾ ਮਿਲਦੀ ਹੈ।

ਜੀ.ਕੇ. ਨੇ ਕਿਹਾ ਕਿ ਤਾਮਿਲਨਾਡੂ ਸਰਕਾਰ ਨੇ ਕੈਬਿਨੇਟ ’ਚ ਮਤਾ ਪਾਸ ਕਰਕੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਦੀ ਪ੍ਰੋੜਤਾ ਕੀਤੀ ਹੈ।ਪੰਜਾਬ ਸਰਕਾਰ ਨੂੰ ਵੀ ਜੇਲ੍ਹਾਂ ’ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਅਜਿਹੀ ਦਰਿਆਦਿਲੀ ਦਿਖਾਉਣ ਦੀ ਲੋੜ ਹੈ।ਕਿਉਂਕਿ ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਤਾਮਿਲਨਾਡੂ ਵਿਧਾਨਸਭਾ ਵੱਲੋਂ ਸਜਾ ਮੁਆਫੀ ਦੇ ਬੀਤੇ ਵਰ੍ਹੇ ਪਾਸ ਕੀਤੇ ਗਏ ਮਤੇ ਕਰਕੇ ਸਮੂਹ ਕੈਦੀਆਂ, ਜਿਨ੍ਹਾਂ ’ਤੇ ਟਾਡਾ ਲੱਗਿਆ ਹੈ ਜਾਂ ਸੀ.ਬੀ.ਆਈ. ਜਾਂਚ ਅਧੀਨ ਜਿਨ੍ਹਾਂ ਦਾ ਕੇਸ ਹੈ, ਉਨ੍ਹਾਂ ਦੀ ਫਿਲਹਾਲ ਰਿਹਾਈ ’ਤੇ ਰੋਕ ਲਗਾਈ ਹੋਈ ਹੈ।ਇਸ ਲਈ ਪੰਜਾਬ ਸਰਕਾਰ ਨੂੰ ਤਾਮਿਲਨਾਡੂ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਸੁਪਰੀਮ ਕੋਰਟ ਤੋਂ ਸਜਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ’ਤੇ ਲਗੀ ਰੋਕ ਨੂੰ ਹਟਾਉਣ ਵਾਸਤੇ ਕਾਰਜ ਕਰਨਾ ਚਾਹੀਦਾ ਹੈ।

ਸਿਰਸਾ ਨੇ ਵੱਖਰੇ ਮੁਲਕ ਦੀ ਮੰਗ ਸੰਬੰਧੀ ਹੋ ਰਹੀਆਂ ਗੱਲਾਂ ਦੇ ਬਾਰੇ ਬੋਲਦੇ ਹੋਏ ਕਿਹਾ ਕਿ ਦੁਨੀਆ ’ਚ ਵੱਸਦਾ ਹਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਨਾਲ ਜੁੜਿਆ ਹੋਇਆ ਹੈ। 1947 ’ਚ ਦੇਸ਼ ਦੀ ਹੋਈ ਵੰਡ ਹਿੰਦੂਸਤਾਨ ਦੀ ਵੰਡ ਨਾ ਹੋ ਕੇ ਪੰਜਾਬ ਦੀ ਵੰਡ ਸੀ। ਜਿਸਦਾ ਸਭ ਤੋਂ ਜਿਆਦਾ ਨੁਕਸਾਨ ਸਿੱਖਾਂ ਨੂੰ ਆਪਣੀ ਜਾਨ-ਮਾਲ ਦੇ ਕੇ ਗੁਆਉਣਾ ਪਿਆ ਸੀ। ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰੰਘ ਰਾਣਾ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਨਿਗਮ ਪਾਰਸ਼ਦ ਮਨੀਸ਼ ਅਗਰਵਾਲ ਦਾ ਗੁਰੂ ਘਰ ਦੇ ਕਾਰਜਾਂ ’ਚ ਸਹਿਯੋਗ ਦੇਣ ਲਈ ਸਨਮਾਨ ਕੀਤਾ ਗਿਆ।
-PTCNews