adv-img

ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ

By Joshi - February 12th 2019 05:50 AM
ਬੈਰਾੜੀ ਮਹਲਾ ੪ ॥ ਹਰਿ ਜਨੁ ਰਾਮ ਨਾਮ ਗੁਨ ਗਾਵੈ ॥ ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥ ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥ ਹਰਿ ਆਪੇ ਹੀ ਮਤਿ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈ ॥੧॥ ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ ॥ ਜਨ ਨਾਨਕ ਸਤਿਗੁਰੁ ਮੇਲੇ ਆਪੇ ਹਰਿ ਆਪੇ ਝਗਰੁ ਚੁਕਾਵੈ ॥੨॥੩॥ ਮੰਗਲਵਾਰ, ੩੦ ਮਾਘ (ਸੰਮਤ ੫੫੦ ਨਾਨਕਸ਼ਾਹੀ) (ਅੰਗ: ੭੧੯) ਬੈਰਾੜੀ ਮਹਲਾ ੪ ॥ ਹੇ ਭਾਈ! ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ ਭੀ ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ।੧।ਰਹਾਉ। ਹੇ ਭਾਈ! ਭਗਤ ਆਪਣੀ ਨਿੰਦਾ ਸੁਣ ਕੇ ਭੀ ਆਪਣਾ ਸੁਭਾਉ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿ ਜੋ ਕੁਝ ਕਰ ਰਿਹਾ ਹੈ ਮਾਲਕ-ਪ੍ਰਭੂ ਆਪ ਹੀ ਜੀਵਾਂ ਵਿਚ ਬੈਠ ਕੇ ਕਰ ਰਿਹਾ ਹੈ, ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ। ਮਾਲਕ-ਪ੍ਰਭੂ ਆਪ ਹੀ ਹਰੇਕ ਜੀਵ ਨੂੰ ਮਤਿ ਦੇਂਦਾ ਹੈ, ਆਪ ਹੀ ਹਰੇਕ ਜੀਵ ਵਿਚ ਬੈਠਾ ਬੋਲ ਰਿਹਾ ਹੈ, ਆਪ ਹੀ ਹਰੇਕ ਜੀਵ ਨੂੰ ਬੋਲਣ ਦੀ ਪ੍ਰੇਰਨਾ ਕਰ ਰਿਹਾ ਹੈ।੧। ਹੇ ਭਾਈ! ਭਗਤ ਜਾਣਦਾ ਹੈ ਕਿ ਪਰਮਾਤਮਾ ਨੇ ਆਪ ਹੀ ਆਪਣੇ ਆਪ ਤੋਂ ਪੰਜ ਤੱਤਾਂ ਦਾ ਜਗਤ-ਖਿਲਾਰਾ ਖਿਲਾਰਿਆ ਹੋਇਆ ਹੈ, ਆਪ ਹੀ ਇਹਨਾਂ ਤੱਤਾਂ ਵਿਚ ਪੰਜ ਵਿਸ਼ੇ ਭਰੇ ਹੋਏ ਹਨ। ਹੇ ਨਾਨਕ! ਆਖ- ਹੇ ਭਾਈ! ਪਰਮਾਤਮਾ ਆਪ ਹੀ ਆਪਣੇ ਸੇਵਕਾਂ ਨੂੰ ਮਿਲਾਉਂਦਾ ਹੈ, ਤੇ, ਆਪ ਹੀ ਉਸ ਦੇ ਅੰਦਰੋਂ ਹਰੇਕ ਕਿਸਮ ਦੀ ਖਿੱਚੋਤਾਣ ਮੁਕਾਉਂਦਾ ਹੈ।੨।੩।