adv-img

ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ

By Joshi - February 6th 2019 05:50 AM
ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥ ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥੧॥ ਰਹਾਉ ॥ ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ ॥ ਇਨ@ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥੧॥ ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥ ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ ॥੨॥ ਸੂਕਰ ਕੂਕਰ ਜੋਨਿ ਭ੍ਰਮੇ ਤਊ ਲਾਜ ਨ ਆਈ ॥ ਰਾਮ ਨਾਮ ਛਾਡਿ ਅੰਮ੍ਰਿਤ ਕਾਹੇ ਬਿਖੁ ਖਾਈ ॥੩॥ ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ ਲੇਹੀ ॥ ਗੁਰ ਪ੍ਰਸਾਦਿ ਜਨ ਕਬੀਰ ਰਾਮੁ ਕਰਿ ਸਨੇਹੀ ॥੪॥੫॥ ਬੁੱਧਵਾਰ, ੨੪ ਮਾਘ (ਸੰਮਤ ੫੫੦ ਨਾਨਕਸ਼ਾਹੀ) (ਅੰਗ: ੬੯੨) ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹੇ ਭਾਈ! ਪ੍ਰਭੂ ਦਾ ਸਿਮਰਨ ਕਰ, ਪ੍ਰਭੂ ਦਾ ਸਿਮਰਨ ਕਰ । ਸਦਾ ਰਾਮ ਦਾ ਸਿਮਰਨ ਕਰ । ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਹੁਤ ਜੀਵ (ਵਿਕਾਰਾਂ ਵਿਚ) ਡੁੱਬਦੇ ਹਨ ।੧।ਰਹਾਉ। ਵਹੁਟੀ, ਪੁੱਤਰ, ਸਰੀਰ, ਘਰ, ਦੌਲਤ—ਇਹ ਸਾਰੇ ਸੁਖ ਦੇਣ ਵਾਲੇ ਜਾਪਦੇ ਹਨ, ਪਰ ਜਦੋਂ ਮੌਤ-ਰੂਪ ਤੇਰਾ ਅਖ਼ੀਰਲਾ ਸਮਾ ਆਇਆ, ਤਾਂ ਇਹਨਾਂ ਵਿਚੋਂ ਕੋਈ ਭੀ ਤੇਰਾ ਆਪਣਾ ਨਹੀਂ ਰਹਿ ਜਾਇਗਾ ।੧। ਅਜਾਮਲ, ਗਜ, ਗਨਿਕਾ—ਇਹ ਵਿਕਾਰ ਕਰਦੇ ਰਹੇ, ਪਰ ਜਦੋਂ ਪਰਮਾਤਮਾ ਦਾ ਨਾਮ ਇਹਨਾਂ ਨੇ ਸਿਮਰਿਆ, ਤਾਂ ਇਹ ਭੀ (ਇਹਨਾਂ ਵਿਕਾਰਾਂ ਵਿਚੋਂ) ਪਾਰ ਲੰਘ ਗਏ ।੨। (ਹੇ ਸੱਜਣ!) ਤੂੰ ਸੂਰ, ਕੁੱਤੇ ਆਦਿਕ ਦੀਆਂ ਜੂਨੀਆਂ ਵਿਚ ਭਟਕਦਾ ਰਿਹਾ, ਫਿਰ ਭੀ ਤੈਨੂੰ (ਹੁਣ) ਸ਼ਰਮ ਨਹੀਂ ਆਈ (ਤੂੰ ਅਜੇ ਭੀ ਨਾਮ ਨਹੀਂ ਸਿਮਰਦਾ) । ਪਰਮਾਤਮਾ ਦਾ ਅੰਮ੍ਰਿਤ-ਨਾਮ ਵਿਸਾਰ ਕੇ ਕਿਉਂ (ਵਿਕਾਰਾਂ ਦਾ) ਜ਼ਹਿਰ ਖਾ ਰਿਹਾ ਹੈਂ? ।੩। (ਹੇ ਭਾਈ!) ਸ਼ਾਸਤ੍ਰਾਂ ਅਨੁਸਾਰ ਕੀਤੇ ਜਾਣ ਵਾਲੇ ਕਿਹੜੇ ਕੰਮ ਹਨ, ਤੇ ਸ਼ਾਸਤ੍ਰਾਂ ਵਿਚ ਕਿਨ੍ਹਾਂ ਕੰਮਾਂ ਬਾਰੇ ਮਨਾਹੀ ਹੈ—ਇਹ ਵਹਿਮ ਛੱਡ ਦੇਹ, ਤੇ ਪਰਮਾਤਮਾ ਦਾ ਨਾਮ ਸਿਮਰ । ਹੇ ਦਾਸ ਕਬੀਰ! ਤੂੰ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਪਰਮਾਤਮਾ ਨੂੰ ਹੀ ਆਪਣਾ ਪਿਆਰਾ (ਸਾਥੀ) ਬਣਾ ।੪।੫। ਸ਼ਬਦ ਦਾ ਭਾਵ :—ਪਰਮਾਤਮਾ ਦਾ ਨਾਮ ਸਿਮਰੋ—ਇਹੀ ਹੈ ਸਦਾ ਦਾ ਸਾਥੀ, ਤੇ ਇਸ ਦੀ ਬਰਕਤਿ ਨਾਲ ਬੜੇ ਬੜੇ ਵਿਕਾਰੀ ਭੀ ਤਰ ਜਾਂਦੇ ਹਨ । ਕਰਮ-ਕਾਂਡ ਦੇ ਭੁਲੇਖਿਆਂ ਵਿਚ ਨਾਹ ਪਵੋ ।