ਮਹਾਰਾਸ਼ਟਰ 'ਚ 'Omicron' ਦਾ ਪਹਿਲਾ ਕੇਸ, ਦੇਸ਼ ਵਿੱਚ ਹੁਣ ਤੱਕ ਚਾਰ ਮਾਮਲੇ ਆਏ ਸਾਹਮਣੇ
Omicron Variant Coronavirus: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦਾ ਇੱਕ ਵਿਅਕਤੀ ਕੋਰੋਨਾ ਵਾਇਰਸ(Coronavirus) ਦੇ ਨਵੇਂ ਰੂਪ 'ਓਮੀਕ੍ਰੋਨ' ਨਾਲ ਸੰਕਰਮਿਤ ਪਾਇਆ ਗਿਆ ਹੈ। ਮਹਾਰਾਸ਼ਟਰ 'ਚ ਇਸ ਵੇਰੀਐਂਟ ਦੀ ਲਾਗ ਦਾ ਇਹ ਪਹਿਲਾ ਤੇ ਦੇਸ਼ 'ਚ ਚੌਥਾ ਮਾਮਲਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਦਿੱਲੀ 'ਚ ਦੱਸਿਆ ਕਿ ਇਹ 33 ਸਾਲਾ ਵਿਅਕਤੀ 23 ਨਵੰਬਰ ਨੂੰ ਦੱਖਣੀ ਅਫ਼ਰੀਕਾ ਤੋਂ ਦੁਬਈ ਦੇ ਰਸਤੇ ਦਿੱਲੀ ਹਵਾਈ ਅੱਡੇ 'ਤੇ ਪਹੁੰਚਿਆ ਸੀ, ਜਿੱਥੇ ਉਸ ਨੇ ਕੋਵਿਡ ਟੈਸਟ ਲਈ ਸੈਂਪਲ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਮੁੰਬਈ ਲਈ ਫਲਾਈਟ ਫੜੀ।
ਇਸ ਸਬੰਧ 'ਚ ਇੱਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਵਿਅਕਤੀ ਨੂੰ ਹਲਕਾ ਬੁਖਾਰ ਹੈ, ਪਰ ਉਸ 'ਚ ਕੋਵਿਡ-19 ਦੇ ਹੋਰ ਲੱਛਣ ਨਹੀਂ ਹਨ। ਇਸ ਤੋਂ ਪਹਿਲਾਂ 'ਓਮੀਕ੍ਰੋਨ' ਨਾਲ ਸਬੰਧਤ 2 ਮਾਮਲੇ ਕਰਨਾਟਕ ਤੇ 1 ਗੁਜਰਾਤ 'ਚ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਕਿਹਾ, "ਉਹ (ਵਿਅਕਤੀ) 4 ਲੋਕਾਂ ਦੇ ਸਮੂਹ ਨਾਲ ਆਇਆ ਸੀ। ਉਨ੍ਹਾਂ ਦੀ ਆਰਟੀ-ਪੀਸੀਆਰ ਜਾਂਚ ਕੀਤੀ ਜਾਵੇਗੀ ਤੇ ਜੀਨੋਮ ਸੀਕਵੈਂਸਿੰਗ ਵੀ ਕੀਤੀ ਜਾਵੇਗੀ। ਮਹਾਰਾਸ਼ਟਰ ਦੇ ਸਿਹਤ ਵਿਭਾਗ ਨੇ ਇੱਕ ਬਿਆਨ 'ਚ ਕਿਹਾ ਕਿ ਕੇਡੀਐਮਸੀ ਖੇਤਰ ਦੇ ਰਹਿਣ ਵਾਲੇ ਇਸ ਸੰਕਰਮਿਤ ਵਿਅਕਤੀ ਨੂੰ ਹੁਣ ਤਕ ਕੋਈ ਵੈਕਸੀਨ ਨਹੀਂ ਲੱਗੀ। ਉਸ ਨੂੰ ਡੋਂਬੀਵਲੀ ਦੇ ਕੇਅਰ ਸੈਂਟਰ 'ਚ ਭਰਤੀ ਕਰਵਾਇਆ ਗਿਆ ਹੈ।
[caption id="attachment_554793" align="alignnone" width="700"]
ਮਹਾਰਾਸ਼ਟਰ 'ਚ 'ਓਮਾਈਕਰੋਨ' ਦਾ ਪਹਿਲਾ ਕੇਸ, ਦੇਸ਼ ਵਿੱਚ ਹੁਣ ਤੱਕ ਚਾਰ ਮਾਮਲੇ ਸਾਹਮਣੇ[/caption]
ਵਿਭਾਗ ਨੇ ਕਿਹਾ ਕਿ ਸੰਕਰਮਿਤ ਵਿਅਕਤੀ ਦੇ ਸਾਥੀ ਯਾਤਰੀਆਂ ਸਮੇਤ 23 ਹੋਰ ਵਿਅਕਤੀਆਂ ਦੀਆਂ ਟੈਸਟ ਰਿਪੋਰਟਾਂ ਵੀ ਨੈਗੇਟਿਵ ਆਈਆਂ ਹਨ। ਵਿਭਾਗ ਨੇ ਕਿਹਾ ਕਿ ਇਸ ਦੌਰਾਨ, ਮਹਾਰਾਸ਼ਟਰ ਦੇ ਪੁਣੇ ਦਾ ਇੱਕ 60 ਸਾਲਾ ਨਿਵਾਸੀ ਜ਼ੈਂਬੀਆ ਤੋਂ ਵਾਪਸ ਆਉਣ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਸੀ ਪਰ ਉਸ ਦੇ ਜੀਨੋਮ ਕ੍ਰਮ ਤੋਂ ਪਤਾ ਚੱਲਿਆ ਕਿ ਉਹ ਡੈਲਟਾ ਸਬ-ਟਾਈਪ ਨਾਲ ਸੰਕਰਮਿਤ ਸੀ।
-PTC News