Punjabi Youth Died in Canada : ਹਲਕੇ ਦੇ ਪਿੰਡ ਠੀਕਰੀਵਾਲਾ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਬੇਅੰਤ ਸਿੰਘ ਉਰਫ਼ ਜਗਤਾਰ (31) ਪੁੱਤਰ ਬਚਿੱਤਰ ਸਿੰਘ ਕਰੀਬ ਦੋ ਮਹੀਨੇ ਪਹਿਲਾਂ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਕੈਨੇਡਾ ਗਿਆ ਸੀ। ਘਟਨਾ ਤੋਂ ਬਾਅਦ ਪਿੰਡ ਅਤੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।ਇਸ ਸਾਲ ਅਪ੍ਰੈਲ ਮਹੀਨੇ ਕੈਨੇਡਾ ਗਿਆ ਸੀ ਨੌਜਵਾਨਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਚਾਚਾ ਹਰਭਗਵਾਨ ਸਿੰਘ ਅਤੇ ਚਚੇਰੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਅਪ੍ਰੈਲ ਮਹੀਨੇ ਵਿੱਚ ਕੈਨੇਡਾ ਗਿਆ ਸੀ, ਜਿੱਥੇ ਦੋ ਜੁਲਾਈ ਨੂੰ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਘਟਨਾ ਬਾਰੇ ਉਹਨਾਂ ਨੂੰ ਕੈਨੇਡਾ ਵਿੱਚ ਰਹਿ ਰਹੇ ਰਿਸ਼ਤੇਦਾਰਾਂ ਵਲੋਂ ਫ਼ੋਨ ਉੱਪਰ ਜਾਣਕਾਰੀ ਦਿੱਤੀ ਗਈ ਹੈ।5 ਭੈਣਾਂ ਦਾ ਇਕਲੌਤਾ ਭਰਾ ਸੀ ਬੇਅੰਤ ਸਿੰਘਉਨ੍ਹਾਂ ਨੇ ਦੱਸਿਆ ਕਿ ਬੇਅੰਤ ਸਿੰਘ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਆਪਣੀ ਵਿਧਵਾ ਮਾਤਾ ਮਲਕੀਤ ਕੌਰ ਦਾ ਇਕਲੌਤਾ ਸਹਾਰਾ ਸੀ। ਉਹਨਾਂ ਕਿਹਾ ਕਿ ਪਰਿਵਾਰ ਨੇ ਕਰਜ਼ਾ ਚੁੱਕ ਕੇ ਮ੍ਰਿਤਕ ਨੂੰ ਸੁਨਹਿਰੀ ਭਵਿੱਖ ਲਈ ਕੈਨੇਡਾ ਦੇ ਸਰੀ ਭੇਜਿਆ ਸੀ, ਪਰ ਉਥੇ ਇਹ ਦੁਖਦਾਈ ਭਾਣਾ ਵਰਤ ਗਿਆ। ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਇਸਤੋਂ ਪਹਿਲਾਂ ਵੀ ਪੰਜ ਸਾਲ ਸਿੰਗਾਪੁਰ ਵਿਖੇ ਰੋਜ਼ੀ ਰੋਟੀ ਲਈ ਕਿਰਤ ਕਰਕੇ ਆਇਆ ਸੀ, ਜਿਸਤੋਂ ਬਾਅਦ ਕੈਨੇਡਾ ਗਿਆ ਸੀ।ਇਸ ਮੌਕੇ ਪਿੰਡ ਦੇ ਸਰਪੰਚ ਕਿਰਨਜੀਤ ਸਿੰਘ, ਪੰਚ ਜੀਤ ਸਿੰਘ, ਜਸਪ੍ਰੀਤ ਹੈਪੀ ਅਤੇ ਸੁਖਦੇਵ ਸਿੰਘ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੀ ਦੇਹ ਨੂੰ ਭਾਰਤ ਲਿਆਉਣ ਵਿੱਚ ਪਰਿਵਾਰ ਦੀ ਮਦਦ ਕੀਤੀ ਜਾਵੇ।