Ludhiana 'ਚ ਜਿੱਤ ਦਾ ਜਸ਼ਨ ਮਨਾ ਰਹੇ AAP ਵਰਕਰਾਂ 'ਤੇ ਕਾਂਗਰਸ ਦੇ ਸਾਬਕਾ ਸਰਪੰਚ ਨੇ ਚਲਾਈਆਂ ਗੋਲੀਆਂ ,4 ਜ਼ਖਮੀ
Ludhiana Firing News : ਲੁਧਿਆਣਾ 'ਚ ਵੀਰਵਾਰ ਦੇਰ ਸ਼ਾਮ ਨੂੰ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਚੋਣ ਜਿੱਤਣ ਤੋਂ ਬਾਅਦ ਲੱਡੂ ਵੰਡ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ 'ਤੇ ਕਾਂਗਰਸ ਦੇ ਸਾਬਕਾ ਸਰਪੰਚ ਨੇ ਗੋਲੀਆਂ ਚਲਾ ਦਿੱਤੀਆਂ ਹਨ। ਇਸ ਫਾਇਰਿੰਗ 'ਚ ਆਮ ਆਦਮੀ ਪਾਰਟੀ ਦੇ 3- 4 ਵਰਕਰਾਂ ਨੂੰ ਗੋਲੀਆਂ ਲੱਗੀਆਂ ਹਨ। ਇਹ ਘਟਨਾ ਅੱਜ ਦੇਰ ਸ਼ਾਮ ਵਾਪਰੀ ਹੈ। ਫ਼ਾਇਰਿੰਗ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ।
ਦਰਅਸਲ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵਿਚ ਜਿੱਤ ਦਾ ਜਸ਼ਨ ਮਨਾ ਰਹੇ ਆਪ ਵਰਕਰਾਂ ਅਤੇ ਕਾਂਗਰਸ ਵਰਕਰਾਂ ਵਿਚਕਾਰ ਹਿੰਸਕ ਝੜਪ ਹੋ ਗਈ। ਜਦੋਂ 'ਆਪ' ਵਰਕਰ ਜਿੱਤ ਦੀ ਰੈਲੀ ਕੱਢ ਰਹੇ ਸਨ ਤਾਂ ਕਾਂਗਰਸੀ ਵਰਕਰ ਵੀ ਉੱਥੇ ਆ ਗਏ , ਜਿਸ ਕਾਰਨ ਬਹਿਸ ਹੋ ਗਈ। ਮਾਮੂਲੀ ਝਗੜਾ ਦੋ ਗੁੱਟਾਂ ਵਿਚਕਾਰ ਹਿੰਸਕ ਝੜਪ ਵਿੱਚ ਬਦਲ ਗਿਆ ਅਤੇ ਕਾਂਗਰਸੀ ਆਗੂ ਵਲੋਂ ਅਨ੍ਹੇਵਾਹ ਗੋਲੀਆਂ ਚਲਾਈਆਂ ਹਨ। ਇਹ ਘਟਨਾ ਗਿੱਲ ਇਲਾਕੇ ਦੇ ਬਚਿਤਰ ਨਗਰ ਵਿੱਚ ਵਾਪਰੀ।
'ਆਪ' ਵਰਕਰਾਂ ਦਾ ਆਰੋਪ ਹੈ ਕਿ ਉਨ੍ਹਾਂ 'ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਅਤੇ ਬਾਅਦ ਵਿੱਚ ਫ਼ਾਇਰਿੰਗ ਕੀਤੀ ਗਈ। ਚਾਰ ਤੋਂ ਵੱਧ ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੀ ਪਛਾਣ ਗੁਰਮੁਖ ਸਿੰਘ (65), ਰਵਿੰਦਰ ਸਿੰਘ (44) ਅਤੇ ਮਨਦੀਪ ਸਿੰਘ (36) ਵਜੋਂ ਹੋਈ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਮੌਕੇ 'ਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਖਮੀਆਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ।ਐਸ.ਐਚ.ਓ. ਸਦਰ ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਕੁਝ ਮਿੰਟ ਪਹਿਲਾਂ ਹੀ ਇਸ ਦੀ ਸੂਚਨਾ ਮਿਲੀ ਹੈ। ਉਹ ਮੌਕੇ 'ਤੇ ਜਾ ਰਹੇ ਹਨ ਅਤੇ ਘਟਨਾ ਦੀ ਜਾਂਚ ਕਰਨ ਨੂੰ ਉਪਰੰਤ ਹੀ ਸਾਰੀ ਸਥਿਤੀ ਸਪਸ਼ਟ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਜਾ ਰਿਹਾ ਹੈ।
- PTC NEWS