''ਮੇਰੇ ਪੁੱਤ ਨੂੰ ਬਚਾ ਲਓ...'' 10 ਮਹੀਨੇ ਰਿਦਮਵੀਰ ਨੂੰ ਹੋਈ ਖ਼ਤਰਨਾਕ ਬਿਮਾਰੀ, ਪਿਤਾ ਨੇ ਲਾਈ ਗੁਹਾਰ, ਪੰਜਾਬ ਸਰਕਾਰ ਪ੍ਰਤੀ ਪ੍ਰਗਟਾਇਆ ਸ਼ਿਕਵਾ
Patiala Ridamveer : ਪਟਿਆਲਾ ਦੇ ਰਹਿਣ ਵਾਲਾ ਪੌਣੇ ਦੋ ਸਾਲ ਦਾ ਰਿਦਮਵੀਰ ਪਿਛਲੇ ਲੰਬੇ ਸਮੇਂ ਤੋਂ SM ਟਾਈਪ-1 ਬਿਮਾਰੀ ਦੇ ਨਾਲ ਜੂਝ ਰਿਹਾ ਹੈ, ਜਿਸ ਬਿਮਾਰੀ ਵਿੱਚ ਮਾਸਪੇਸ਼ੀਆਂ ਦਾ ਵਧਣਾ ਬਿਲਕੁਲ ਬੰਦ ਹੋ ਜਾਂਦਾ ਹੈ। ਰਿਦਮਵੀਰ ਦਾ ਇਲਾਜ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਚੱਲ ਰਿਹਾ ਹੈ।
8.50 ਕਰੋੜ ਰੁਪਏ ਦਾ ਲੱਗੇਗਾ ਟੀਕਾ
ਡਾਕਟਰਾਂ ਦੇ ਕਹਿਣ ਮੁਤਾਬਕ ਰਿਦਮਵੀਰ ਨੂੰ ਇੱਕ ਇੰਜੈਕਸ਼ਨ ਨਾਲ ਉਸਦੀ ਮਾਸਪੇਸ਼ੀਆਂ ਫਿਰ ਤੋਂ ਵੱਧ ਸਕਦੀਆਂ ਹਨ, ਲੇਕਿਨ ਉਸ ਦੀ ਕੀਮਤ 8.50 ਕਰੋੜ ਦੇ ਕਰੀਬ ਹੈ, ਜਿਸ ਲਈ ਪਰਿਵਾਰ ਲਗਾਤਾਰ ਲੋਕਾਂ ਅੱਗੇ ਜਾ ਕੇ ਮਦਦ ਦੀ ਮੰਗ ਕਰ ਰਿਹਾ ਹੈ, ਉਥੇ ਹੀ ਜਦੋਂ ਪੀਟੀਸੀ ਨਿਊਜ਼ ਦੀ ਟੀਮ ਨੇ ਰਿਦਮਵੀਰ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਰਿਦਮਵੀਰ ਦੇ ਪਿਤਾ ਬਿਕਰਮ ਸਿੰਘ ਨੇ ਦੱਸਿਆ ਕਿ ਮੀਡੀਆ ਦੀ ਮਦਦ ਦੇ ਨਾਲ ਇੱਕ ਕਰੋੜ ਦੇ ਕਰੀਬ ਅਸੀਂ ਇਕੱਠਾ ਕਰ ਲਿਆ ਸੀ, ਲੇਕਿਨ ਰਿਦਮਵੀਰ ਦੀ ਇੱਕ ਦਵਾਈ ਜਿਸ ਦੀ ਕੀਮਤ 6 ਲੱਖ ਰੁਪਏ ਹੈ ਅਤੇ ਸਿਰਫ 38 ਦਿਨ ਦੇ ਹੀ ਇਹ ਦਵਾਈ ਚਲਦੀ ਹੈ, ਜਿਸ ਦੇ ਉੱਪਰ ਖਰਚਾ ਤਕਰੀਬਨ 24 ਲੱਖ ਰੁਪਏ ਦੇ ਕਰੀਬ ਹੋ ਚੁੱਕਾ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ 8.50 ਕਰੋੜ ਰੁਪਏ ਦਾ ਟੀਕਾ ਰਿਦਮਵੀਰ ਨੂੰ ਲਵਾ ਦਈਏ ਤਾਂ ਉਸਦੀ ਮਾਸਪੇਸ਼ੀਆਂ ਫਿਰ ਤੋਂ ਭਰਨ ਲੱਗ ਜਾਣਗੀਆਂ, ਕਿਉਂਕਿ ਮੇਰਾ ਪਹਿਲਾ ਬੱਚਾ ਵੀ ਇਸੀ ਬਿਮਾਰੀ ਨਾਲ ਪੀੜਤ ਸੀ, ਅਸੀਂ ਉਸਨੂੰ ਨਹੀਂ ਬਚਾ ਪਾਏ, ਜਿਸ ਦੀ ਡੇਢ ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।
ਸਮਾਜ ਸੇਵੀਆਂ ਨੂੰ ਗੁਹਾਰ, ਮਾਨ ਸਰਕਾਰ ਪ੍ਰਤੀ ਕੀਤਾ ਸ਼ਿਕਵਾ
ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਪਰ ਹੁਣ ਅੱਜ ਅਸੀਂ ਪੂਰੀ ਕੋਸ਼ਿਸ਼ ਵਿੱਚ ਲੱਗੇ ਹਾਂ ਕਿ ਰਿਦਮਵੀਰ ਨੂੰ ਅਸੀਂ ਤੰਦਰੁਸਤ ਬਣਾ ਸਕੀਏ, ਜਿਸ ਲਈ ਅਸੀਂ ਦਰ-ਦਰ ਜਾ ਕੇ ਲੋਕਾਂ ਤੋਂ ਮਦਦ ਦੀ ਗੁਹਾਰ ਲਗਾ ਰਹੇ। ਰਿਦਮ ਵੀਰ ਦੇ ਪਿਤਾ ਬਿਕਰਮ ਸਿੰਘ ਨੇ ਦੱਸਿਆ ਕਿ ਸਰਕਾਰਾਂ ਅੱਗੇ ਵੀ ਅਸੀਂ ਕਈ ਵਾਰ ਜਾ ਕੇ ਮਦਦ ਦੀ ਗੁਹਾਰ ਲਗਾਈ, ਲੇਕਿਨ ਕੋਈ ਮਦਦ ਵੀ ਸਾਨੂੰ ਨਹੀਂ ਮਿਲੀ, ਭਾਵੇਂ ਉਹ ਪੰਜਾਬ ਦੇ ਸਿਹਤ ਮੰਤਰੀ ਹੋਣ ਅਤੇ ਭਾਵੇਂ ਵਿਧਾਇਕ ਜਾਂ ਮੁੱਖ ਮੰਤਰੀ ਭਗਵੰਤ ਮਾਣ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਮਿਲਣ ਦਾ ਸਮਾਂ ਵੀ ਨਹੀਂ ਦਿੱਤਾ। ਇਸ ਕਰਕੇ ਸਾਰਿਆਂ ਅੱਗੇ ਗੁਹਾਰ ਲਗਾ ਰਹੇ ਹਾਂ ਕਿ ਮੇਰੇ ਘਰ ਦੇ ਇਸ ਦੀਵੇ ਨੂੰ ਬਚਾਉਣ ਲਈ ਮੇਰੀ ਮਦਦ ਕੀਤੀ ਜਾਵੇ।
ਰਿਦਮਵੀਰ ਦੀ ਸਹਾਇਤਾ ਕਰਨ ਵਾਲੇ ''Ridam Veer Singh Welfare Society, AC. No. 924010056448542, IFSC Code- UTIB0001116 ਜਾਂ ਫਿਰ ਸਕੈਨਰ ਦੀ ਵਰਤੋਂ ਕਰਕੇ ਕਰ ਸਕਦੇ ਹਨ।
- PTC NEWS