Mohali News : ਜ਼ੀਰਕਪੁਰ 'ਚ 16 ਸਾਲਾ ਨਾਬਾਲਗ ਲੜਕੀ ਨਾਲ ਚੱਲਦੀ ਕਾਰ 'ਚ ਗੈਂਗਰੇਪ ,ਰਸਤਾ ਪੁੱਛਣ ਦੇ ਬਹਾਨੇ ਕੀਤਾ ਅਗਵਾ
Mohali News : ਮੋਹਾਲੀ ਦੇ ਜ਼ੀਰਕਪੁਰ ਵਿੱਚ ਇੱਕ 16 ਸਾਲਾ ਨਾਬਾਲਗ ਲੜਕੀ ਨਾਲ ਚੱਲਦੀ ਕਾਰ ਵਿੱਚ ਗੈਂਗਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਬਿਆਨ ਅਨੁਸਾਰ ਆਰੋਪੀ ਉਸਨੂੰ ਕਾਲੇ ਰੰਗ ਦੀ ਕਾਰ ਵਿੱਚ ਚੁੱਕ ਕੇ ਲੈ ਗਏ ਸਨ ਅਤੇ ਗੈਂਗਰੇਪ ਤੋਂ ਬਾਅਦ ਫੇਜ਼-11 ਦੇ ਜੰਗਲ ਵਿੱਚ ਸੁੱਟ ਕੇ ਭੱਜ ਗਏ। ਜਿਸ ਤੋਂ ਬਾਅਦ ਪੀੜਤਾ ਦੀ ਮਾਂ ਨੇ ਮਾਮਲੇ ਦੀ ਸ਼ਿਕਾਇਤ ਜ਼ੀਰਕਪੁਰ ਪੁਲਿਸ ਨੂੰ ਕੀਤੀ ਹੈ।
ਜ਼ੀਰਕਪੁਰ ਦੇ ਇੰਸਪੈਕਟਰ ਸਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਹ ਘਟਨਾ 22 ਜੁਲਾਈ ਦੀ ਹੈ ਅਤੇ ਨਾਬਾਲਗ ਦੀ ਮਾਂ ਨੇ ਇਸ ਬਾਰੇ 23 ਜੁਲਾਈ ਨੂੰ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਪੁਲਿਸ ਨੇ ਜ਼ੀਰਕਪੁਰ ਅਤੇ ਫੇਜ਼-11 ਇਲਾਕੇ ਵਿੱਚ ਲੱਗੇ ਸਾਰੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁਝ ਸ਼ੱਕੀ ਫੁਟੇਜ ਜ਼ਬਤ ਕਰ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਪੁਲਿਸ ਇਲਾਕੇ ਦੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।
ਸੈਲੂਨ 'ਤੇ ਕੰਮ ਕਰਨ ਗਈ ਸੀ ਲੜਕੀ
ਪੀੜਤਾ ਦੀ ਮਾਂ ਨੇ ਦੱਸਿਆ ਕਿ 22 ਜੁਲਾਈ ਨੂੰ ਉਸਦੀ ਧੀ ਅੰਬਾਲਾ-ਚੰਡੀਗੜ੍ਹ ਹਾਈਵੇਅ ਦੇ ਨੇੜੇ ਇੱਕ ਸੈਲੂਨ ਵਿੱਚ ਕੰਮ ਕਰਨ ਗਈ ਸੀ। ਉਹ ਦੇਰ ਰਾਤ ਤੱਕ ਘਰ ਨਹੀਂ ਪਰਤੀ। ਉਨ੍ਹਾਂ ਨੇ ਸਾਰੀ ਰਾਤ ਉਸਦੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲੀ। ਜਦੋਂ ਅਗਲੀ ਸਵੇਰ ਉਸਦੀ ਬੇਟੀ ਰੋਂਦੀ ਹੋਈ ਘਰ ਪਰਤੀ ਤਾਂ ਉਸਨੇ ਜੋ ਦੱਸਿਆ ਉਸ ਨੇ ਮਾਪਿਆਂ ਨੂੰ ਹੈਰਾਨ ਕਰ ਦਿੱਤਾ।
ਮੈਟਰੋ ਮਾਲ ਦੇ ਨੇੜਿਓਂ ਕੀਤਾ ਅਗਵਾ
ਪੀੜਤ ਨੇ ਦੱਸਿਆ ਕਿ ਉਹ ਦਿਨ ਵੇਲੇ ਡੇਰਾਬੱਸੀ ਗਈ ਸੀ, ਜਿੱਥੇ ਇੱਕ ਜਾਣਕਾਰ ਮੁੰਡੇ ਨੂੰ ਮਿਲੀ ਸੀ। ਉੱਥੋਂ ਉਹ ਮੈਟਰੋ ਮਾਲ ਦੇ ਨੇੜੇ ਉਤਰੀ ਅਤੇ ਘਰ ਪੈਦਲ ਜਾ ਰਹੀ ਸੀ। ਫਿਰ ਇੱਕ ਕਾਲੇ ਰੰਗ ਦੀ ਕਾਰ ਉਸਦੇ ਨੇੜੇ ਆ ਕੇ ਰੁਕੀ। ਉਸ ਵਿੱਚ ਬੈਠੇ ਦੋ ਨੌਜਵਾਨਾਂ ਨੇ ਪਹਿਲਾਂ ਰਸਤਾ ਪੁੱਛਿਆ ਅਤੇ ਫਿਰ ਉਸਨੂੰ ਜ਼ਬਰਦਸਤੀ ਕਾਰ ਵਿੱਚ ਖਿੱਚ ਲਿਆ। ਇਸ ਤੋਂ ਬਾਅਦ ਆਰੋਪੀ ਉਸਨੂੰ ਟ੍ਰਿਬਿਊਨ ਚੌਕ ਰਾਹੀਂ ਮੋਹਾਲੀ ਵੱਲ ਲੈ ਗਏ। ਚਲਦੀ ਕਾਰ ਵਿੱਚ ਦੋਵਾਂ ਨੌਜਵਾਨਾਂ ਨੇ ਉਸ ਨਾਲ ਗੈਂਗਰੇਪ ਕੀਤਾ ਅਤੇ ਬਾਅਦ ਵਿੱਚ ਉਸਨੂੰ ਮੋਹਾਲੀ ਦੇ ਫੇਜ਼-11 ਖੇਤਰ ਵਿੱਚ ਜੰਗਲਾਂ ਦੇ ਨੇੜੇ ਸੁੱਟ ਕੇ ਭੱਜ ਗਏ। ਪੀੜਤਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਕੇ ਅਗਲੇ ਦਿਨ ਘਰ ਵਾਪਸ ਆ ਗਈ।
- PTC NEWS