Amritsar News : ਰੇਲਵੇ ਸਟੇਸ਼ਨ ਤੋਂ 2 ਨੌਜਵਾਨ 6 ਦੇਸੀ ਪਿਸਤੌਲਾਂ ਤੇ ਜਿੰਦਾ ਕਾਰਤੂਸ ਸਣੇ ਗ੍ਰਿਫ਼ਤਾਰ, ਕਿਸਾਨਾਂ ਵੱਲੋਂ ਹੰਗਾਮਾ
Amritsar News : ਅੰਮ੍ਰਿਤਸਰ ਪੰਜਾਬ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਅੰਮ੍ਰਿਤਸਰ ਨੇ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ 6 ਦੇਸੀ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਸੋਮਵਾਰ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਦੋਵਾਂ ਨੂੰ ਰਿਮਾਂਡ 'ਤੇ ਭੇਜ ਦਿੱਤਾ।
ਪੁਲਿਸ ਜਾਣਕਾਰੀ ਅਨੁਸਾਰ ਨੌਜਵਾਨਾਂ ਨੂੰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਹਥਿਆਰਾਂ ਸਮੇਤ ਫੜਿਆ ਗਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ 6 ਦੇਸੀ ਪਿਸਤੌਲ ਅਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਐਸਐਸਓਸੀ ਅੰਮ੍ਰਿਤਸਰ ਨੂੰ ਐਤਵਾਰ ਸ਼ਾਮ ਨੂੰ ਕੇਂਦਰੀ ਖੁਫੀਆ ਏਜੰਸੀਆਂ ਤੋਂ ਹਥਿਆਰਾਂ ਦੀ ਤਸਕਰੀ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਐਸਐਸਓਸੀ ਅੰਮ੍ਰਿਤਸਰ ਵੱਲੋਂ ਜਾਲ ਵਿਛਾਇਆ ਗਿਆ, ਉਪਰੰਤ ਟੀਮ ਨੇ ਰੇਲਵੇ ਸਟੇਸ਼ਨ ਦੇ ਐਗਜ਼ਿਟ ਗੇਟ ’ਤੇ ਨਾਕਾਬੰਦੀ ਕਰ ਦਿੱਤੀ। ਕੇਂਦਰੀ ਏਜੰਸੀਆਂ ਤੋਂ ਇਨਪੁਟ ਮਿਲਣ ਤੋਂ ਬਾਅਦ ਜਿਵੇਂ ਹੀ ਮੁਲਜ਼ਮ ਪਹੁੰਚੇ ਤਾਂ ਟੀਮ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ।
ਫੜੇ ਨੌਜਵਾਨ ਦੀ ਪਛਾਣ ਸੁਮਿਤਪਾਲ ਸਿੰਘ ਵਾਸੀ ਪਿੰਡ ਠੱਠੀਆਂ ਜ਼ਿਲ੍ਹਾ ਤਰਨਤਾਰਨ ਅਤੇ ਅਰਸ਼ਦੀਪ ਸਿੰਘ ਵਾਸੀ ਚੱਬਾ ਪਿੰਡ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਦਾਲਤ ਵੱਲੋਂ ਇਨ੍ਹਾਂ ਦਾ ਤਿੰਨ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਉਧਰ, ਜਦੋਂ ਇਨ੍ਹਾਂ ਨੌਜਵਾਨਾਂ ਨੂੰ ਅਦਾਲਤ ਵਿੱਚ ਪੁਲਿਸ ਵੱਲੋਂ ਪੇਸ਼ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਕਚਹਿਰੀ ਵਿੱਚ ਪਹੁੰਚ ਗਈਆਂ। ਕਿਸਾਨਾਂ ਦਾ ਕਹਿਣਾ ਸੀ ਕਿ ਇਹ ਕਿਸਾਨੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸਨ।
- PTC NEWS