ਮਰੀਜ਼ ਦੇ ਟਿੱਡ 'ਚੋਂ ਕੱਢੀਆਂ ਸੇਫਟੀ ਪਿੰਨ, ਬਲੇਡ ਵਰਗੀਆਂ 23 ਨੁਕੀਲੀਆਂ ਚੀਜ਼ਾਂ
ਪੁਡੂਚੇਰੀ: ਪੁਡੂਚੇਰੀ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਇੱਕ ਟੀਮ ਨੇ ਇੱਕ 20 ਸਾਲਾ ਮਰੀਜ਼ ਦੇ ਟਿੱਡ ਵਿੱਚੋਂ 13 ਹੇਅਰ ਪਿਨ, ਪੰਜ ਸੇਫਟੀ ਪਿੰਨ ਅਤੇ ਪੰਜ ਰੇਜ਼ਰ ਬਲੇਡ ਕੱਢਣ ਦਾ ਅਨੋਖਾ ਕਾਰਨਾਮਾ ਕਰ ਦਿਖਾਇਆ ਹੈ। ਇਕ 20 ਸਾਲਾ ਵਿਅਕਤੀ ਮਾਨਸਿਕ ਰੋਗ ਤੋਂ ਪੀੜਤ ਦੱਸਿਆ ਜਾ ਰਿਹਾ ਹੈ।
ਡਾਕਟਰਾਂ ਦੀ ਟੀਮ ਨੇ ਨੁਕੀਲੀਆਂ ਚੀਜ਼ਾਂ ਨੂੰ ਬਾਹਰ ਕੱਢਣ ਲਈ ਬਿਨ੍ਹਾਂ ਆਪ੍ਰੇਸ਼ਨ ਐਂਡੋਸਕੋਪਿਕ ਪ੍ਰਕਿਰਿਆ ਦਾ ਸਫਲਤਾਪੂਰਵਕ ਇਸਤੇਮਾਲ ਕੀਤਾ। ਗੈਸਟ੍ਰੋਐਂਟਰੌਲੋਜੀ ਐਂਡ ਮੈਡੀਕਲ ਸੈਂਟਰ ਹਸਪਤਾਲ (ਜੀ.ਈ.ਐੱਮ) ਦੀ ਟੀਮ ਨੇ ਦੱਸਿਆ ਕਿ ਨੌਜਵਾਨ ਨੂੰ ਪੇਟ 'ਚ ਤੇਜ਼ ਦਰਦ ਅਤੇ ਖੂਨ ਦੀਆਂ ਉਲਟੀਆਂ ਦੀ ਸ਼ਿਕਾਇਤ ਨਾਲ ਦਾਖਲ ਕਰਵਾਇਆ ਗਿਆ ਸੀ।
ਜਾਂਚ 'ਚ ਪਤਾ ਲੱਗਾ ਕਿ ਉਸ ਦੇ ਪੇਟ 'ਚ ਨੁਕੀਲੀਆਂ/ਤਿੱਖੀਆਂ ਵਸਤੂਆਂ ਮੌਜੂਦ ਸਨ। ਉਹ ਬਚਪਨ ਤੋਂ ਹੀ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਹੈ। ਹਾਲਾਂਕਿ ਮਰੀਜ਼ ਨੇ ਅਜਿਹੀ ਕਿਸੇ ਵੀ ਵਸਤੂ ਦੇ ਸੇਵਨ ਤੋਂ ਇਨਕਾਰ ਕੀਤਾ ਹੈ।
ਪਰ ਐਂਡੋਸਕੋਪਿਕ ਪ੍ਰਕਿਰਿਆ ਦੇ ਦੌਰਾਨ ਪੇਟ ਵਿੱਚ ਇੱਕ ਸਖ਼ਤ ਵਸਤੂ ਪਾਈ ਗਈ। ਫਿਰ ਅੰਦਰ ਹੀ ਕਈ ਤਿੱਖੀਆਂ ਵਸਤੂਆਂ ਪਾਈਆਂ ਗਈਆਂ। ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਇਸ ਕਾਰਨ ਅੰਤੜੀਆਂ 'ਚ ਗੰਭੀਰ ਅੰਦਰੂਨੀ ਸੱਟਾਂ ਵੱਜਣ ਦੀ ਸੰਭਾਵਨਾ ਵੀ ਵੱਧ ਗਈ। ਜੀ.ਈ.ਐੱਮ ਹਸਪਤਾਲ ਨੇ ਦੱਸਿਆ ਕਿ ਡਾਕਟਰਾਂ ਦੀ ਟੀਮ ਨੇ ਓਪਨ ਸਰਜਰੀ ਦੀ ਬਜਾਏ ਐਂਡੋਸਕੋਪਿਕ ਤਰੀਕੇ ਨਾਲ ਇਨ੍ਹਾਂ ਡਿਪਾਜ਼ਿਟ ਨੂੰ ਹਟਾਉਣ ਦਾ ਫੈਸਲਾ ਕੀਤਾ।
ਹਸਪਤਾਲ ਦੇ ਬੁਲਾਰੇ ਦਾ ਕਹਿਣਾ ਕਿਹਾ ਕਿ ਮਰੀਜ਼ ਦੇ ਮਾਪੇ ਵੀ ਓਪਨ ਸਰਜਰੀ ਨਹੀਂ ਚਾਹੁੰਦੇ ਸਨ। ਜਿਸ ਮਗਰੋਂ ਪੇਟ ਤੱਕ ਪਹੁੰਚਣ ਅਤੇ ਵਸਤੂਆਂ ਨੂੰ ਹਟਾਉਣ ਲਈ ਮੂੰਹ ਵਿੱਚ ਇੱਕ ਟਿਊਬ ਪਾਈ ਗਈ। ਇਹ ਇੱਕ ਚੁਣੌਤੀਪੂਰਨ ਪ੍ਰਕਿਰਿਆ ਸੀ ਕਿਉਂਕਿ ਇਹ ਤਿੱਖੀਆਂ ਵਸਤੂਆਂ ਸਨ।
ਬੁਲਾਰੇ ਨੇ ਕਿਹਾ ਕਿ ਨੌਜਵਾਨ ਨੂੰ 7 ਅਗਸਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਟੀਮ ਨੇ 8 ਅਗਸਤ ਨੂੰ ਲਗਭਗ ਦੋ ਘੰਟੇ ਤੱਕ ਚੱਲੀ ਪ੍ਰਕਿਰਿਆ ਦੌਰਾਨ ਸਾਰੀਆਂ ਤਿੱਖੀਆਂ ਚੀਜ਼ਾਂ ਨੂੰ ਹਟਾ ਦਿੱਤਾ। ਮਰੀਜ਼ ਨੇ ਇਲਾਜ ਮਗਰੋਂ ਚੰਗਾ ਰਿਸਪੌਂਸ ਦਿੱਤਾ ਅਤੇ ਅਗਲੇ ਦਿਨ 9 ਅਗਸਤ ਨੂੰ ਉਸਨੂੰ ਛੁੱਟੀ ਦੇ ਦਿੱਤੀ ਗਈ।
ਡਾਕਟਰਾਂ ਮੁਤਾਬਕ ਉਸੇ ਸ਼ਾਮ ਤੋਂ ਮਰੀਜ਼ ਨੂੰ ਸਾਧਾਰਨ ਖੁਰਾਕ ਲੈਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ।
- With inputs from agencies