Jagraon ’ਚ ਨਸ਼ੇ ਨੇ ਨਿਗਲਿਆ ਪੂਰਾ ਪਰਿਵਾਰ; ਇੱਕੋ ਪਰਿਵਾਰ ’ਚ ਨਸ਼ੇ ਕਾਰਨ ਹੋਈ 7ਵੀਂ ਮੌਤ
ਪੰਜਾਬ ’ਚ ਨਸ਼ੇ ਦੇ ਦੈਂਤ ਨੇ ਕਈ ਨੌਜਵਾਨਾਂ ਨੂੰ ਨਿਗਲਿਆ, ਜਿਸ ’ਤੇ ਮਾਨ ਸਰਕਾਰ ਦੀ ਕਾਰਵਾਈ ਖੋਖਲੀ ਨਜਰ ਆ ਰਹੀ ਹੈ। ਇਸੇ ਤਰ੍ਹਾਂ ਹੀ ਜਗਰਾਓ ’ਚ ਨਸ਼ੇ ਦੇ ਕਾਰਨ ਇੱਕੋ ਪਰਿਵਾਰ ’ਚ 7 ਮੌਤਾਂ ਹੋ ਗਈਆਂ ਹਨ। 7ਵੀਂ ਮੌਤ 25 ਸਾਲਾਂ ਨੌਜਵਾਨ ਦੀ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਜਗਰਾਓਂ ਦੇ ਬਲਾਕ ਸਿੱਧਵਾਂ ਬੇਟ ਦੇ ਪਿੰਡ ਸ਼ੇਰੇਵਾਲ ਦੇ ਇਕ 25 ਸਾਲ ਦੇ ਨੌਜ਼ਵਾਨ ਜਸਵੀਰ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ ਨਾਲ ਹੋ ਗਈ। ਇਸੇ ਘਰ ਵਿੱਚ ਮ੍ਰਿਤਕ ਜਸਵੀਰ ਸਿੰਘ ਦੇ ਪੰਜ ਹੋਰ ਭਰਾ ਤੇ ਪਿਤਾ ਪਹਿਲਾਂ ਹੀ ਨਸ਼ੇ ਨਾਲ ਆਪਣੀ ਜਾਨ ਗਵਾ ਚੁੱਕੇ ਹਨ ਤੇ ਹੁਣ ਘਰ ਵਿਚ ਮੌਜੂਦ ਮ੍ਰਿਤਕ ਦੀ ਮਾਤਾ ਛਿੰਦਰ ਕੌਰ ਆਪਣੀਆਂ ਦੋ ਨੂੰਹਾਂ ਤੇ ਦੋ ਪੋਤੇ ਤੇ ਇਕ ਪੋਤੀ ਸਮੇਤ ਹੁਣ ਆਪਣੇ ਪਰਿਵਾਰ ਲਈ ਇਨਸਾਫ ਦੀ ਮੰਗ ਕਰ ਰਹੀ ਹੈ।
ਇਸ ਮੌਕੇ ਜਦੋਂ ਮ੍ਰਿਤਕ ਜਸਵੀਰ ਸਿੰਘ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆਕਿ ਮ੍ਰਿਤਕ ਜਸਵੀਰ ਦੇ ਪਿਤਾ ਮੁਖਤਿਆਰ ਸਿੰਘ ਦੀ ਸਾਲ 2012 ਵਿੱਚ ਜਿਆਦਾ ਸ਼ਰਾਬ ਪੀਣ ਨਾਲ ਨਸ਼ੇ ਦੀ ਹਾਲਤ ਵਿੱਚ ਐਕਸੀਡੈਂਟ ਹੋ ਗਿਆ ਸੀ ਤੇ ਉਸ ਤੋਂ ਬਾਅਦ ਉਸੇ ਸਾਲ ਇਕ ਮੁੰਡੇ ਦੀ ਵੀ ਨਸ਼ੇ ਕਰਕੇ ਮੌਤ ਹੋ ਗਈ।
ਉਸ ਤੋਂ ਬਾਅਦ 2021 ਤੋ ਲੈਂ ਕੇ ਜਨਵਰੀ 2026 ਤੱਕ ਮ੍ਰਿਤਕ ਮੁਖਤਿਆਰ ਸਿੰਘ ਦੇ ਇਕ ਇਕ ਕਰਕੇ ਪੰਜ ਹੋਰ ਮੁੰਡਿਆਂ ਦੀ ਮੌਤ ਵੀ ਨਸ਼ੇ ਕਰਕੇ ਹੋ ਗਈ। ਜਿਸ ਕਰਕੇ ਇਸ ਪਰਿਵਾਰ ਵਿਚ ਹੁਣ ਸਿਰਫ ਇਕ ਬਜ਼ੁਰਗ ਮਾਤਾ ਛਿੰਦਰ ਕੌਰ ਹੀ ਬਚੀ ਹੈ। ਜੋ ਆਪਣੇ ਬੱਚਿਆਂ ਲਈ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰ ਰਹੀ ਹੈ।
ਇਸ ਮੌਕੇ ਇਸ ਪਰਿਵਾਰ ਦੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਇਲਾਕੇ ਵਿਚ ਨਸ਼ਾ ਰੱਜ ਕੇ ਵਿਕਦਾ ਹੈ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਜਿਸ ਕਰਕੇ ਇੱਥੇ ਆਏ ਦਿਨ ਕੋਈ ਨਾ ਕੋਈ ਮੌਤ ਹੁੰਦੀ ਰਹਿੰਦੀ ਹੈ। ਪੁਲਿਸ ਨੇ ਬੀਤੇ ਕੱਲ ਹੋਈ ਜਸਵੀਰ ਸਿੰਘ ਦੀ ਮੌਤ ਤੋਂ ਬਾਅਦ ਇਕ ਔਰਤ ਸਮੇਤ ਇਕ ਹੋਰ ਵਿਅਕਤੀ ’ਤੇ ਪਰਚਾ ਦਰਜ ਕੀਤਾ ਹੈ। ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਉਹ ਪੁਲਿਸ ਤੋਂ ਹੁਣ ਇਨਸਾਫ਼ ਦੀ ਮੰਗ ਕਰ ਰਹੇ ਹਨ।
ਇਸ ਮੌਕੇ ਜਦੋਂ ਇਸ ਪਿੰਡ ਨੂੰ ਲੱਗਦੀ ਪੁਲਿਸ ਚੌਂਕੀ ਗਿੱਦੜਵਿੰਡੀ ਦੇ ਇੰਚਾਰਜ ਰਾਜਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਜਸਵੀਰ ਸਿੰਘ ਦੀ ਮੌਤ ਨਸ਼ੇ ਨਾਲ ਹੋਈ ਹੈ,ਇਸ ਗੱਲ ਦੀ ਪੁਸ਼ਟੀ ਨਹੀਂ ਹੋਈ। ਪੁਸ਼ਟੀ ਤਾਂ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ।
ਫਿਲਹਾਲ ਪੁਲਿਸ ਨੇ ਇੱਕ ਔਰਤ ਤੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਜਿਸ ਔਰਤ ਤੇ ਹੁਣ ਨਸ਼ਾ ਵੇਚਣ ਦਾ ਪਰਚਾ ਦਰਜ ਕੀਤਾ ਹੈ,ਇਸੇ ਔਰਤ ਦੇ ਪਤੀ ’ਤੇ ਵੀ 9 ਜਨਵਰੀ ਨੂੰ ਨਸ਼ੇ ਵੇਚਣ ਦਾ ਪਰਚਾ ਦਰਜ ਕਰਕੇ ਉਸਨੂੰ ਪਹਿਲਾਂ ਹੀ ਜੇਲ੍ਹ ਭੇਜਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ : Gurdaspur ’ਚ ਅਧਿਆਪਕਾਂ ਨਾਲ ਭਰੀ ਵੈਨ ਹੋਈ ਹਾਦਸੇ ਦਾ ਸ਼ਿਕਾਰ, ਕਈ ਅਧਿਆਪਕ ਹੋਏ ਗੰਭੀਰ ਰੂਪ ਨਾਲ ਜ਼ਖਮੀ
- PTC NEWS