ਲੁਧਿਆਣਾ ‘ਚ ਤੇਜ਼ ਰਫ਼ਤਾਰ ਕਾਰ ਪੁਲ਼ ਤੋਂ ਡਿੱਗੀ, ਦਰਦਨਾਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ, ਤਿੰਨ ਜ਼ਖਮੀ
ਲੁਧਿਆਣਾ: ਲੁਧਿਆਣਾ ਦੇ ਕਸਬਾ ਜਗਰਾਉਂ ਵਿੱਚ ਦੇਰ ਰਾਤ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਜਦਕਿ 4 ਜ਼ਖਮੀ ਹੋ ਗਏ। ਇਹ ਹਾਦਸਾ ਗੋਬਿੰਦ ਕਲੋਨੀ ਡਿਸਪੋਜ਼ਲ ਰੋਡ ‘ਤੇ ਰਾਜਾ ਢਾਬੇ ਦੇ ਸਾਹਮਣੇ ਰਾਤ ਕਰੀਬ 12.30 ਵਜੇ ਵਾਪਰਿਆ। ਇੱਥੇ ਇੱਕ ਤੇਜ਼ ਰਫਤਾਰ ਕਾਰ ਕਰੀਬ 25 ਫੁੱਟ ਉੱਚੇ ਪੁਲ ਤੋਂ ਹੇਠਾਂ ਡਿੱਗ ਗਈ। ਕਾਰ ਵਿੱਚ 5 ਨੌਜਵਾਨ ਸਵਾਰ ਸਨ। ਸਾਰੇ ਨੌਜਵਾਨ ਲੁਧਿਆਣਾ ਤੋਂ ਜਗਰਾਉਂ ਆ ਰਹੇ ਸਨ।
ਇਸ ਦੌਰਾਨ ਕਾਰ ਬੇਕਾਬੂ ਹੋ ਕੇ ਪੁਲ ਦੀ ਰੇਲਿੰਗ ਨਾਲ ਜਾ ਟਕਰਾਈ ਅਤੇ ਫਿਰ ਪੁਲ ਤੋਂ ਹੇਠਾਂ ਡਿੱਗ ਗਈ। ਕਾਰ ‘ਚ ਸਵਾਰ ਅੰਕਿਤ ਲੂਥਰਾ ਨਾਂ ਦੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੇ ਤਿੰਨ ਦੋਸਤ ਗੰਭੀਰ ਜ਼ਖ਼ਮੀ ਹੋ ਗਏ। ਇੱਕ ਦੀ ਹਾਲਤ ਠੀਕ ਹੈ।
ਚਾਰੇ ਜ਼ਖ਼ਮੀਆਂ ਨੂੰ ਜਗਰਾਉਂ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਤਿੰਨ ਨੌਜਵਾਨਾਂ ਨੂੰ ਲੁਧਿਆਣਾ ਡੀ.ਐਮ.ਸੀ ਰੈਫਰ ਕਰ ਦਿੱਤਾ ਗਿਆ। ਤਿੰਨ ਜ਼ਖ਼ਮੀਆਂ ਦੀ ਪਛਾਣ ਜਤਿਨ ਬਾਂਸਲ, ਰਿੰਕਲ ਅਰੋੜਾ ਅਤੇ ਪੰਕਜ ਬਾਂਸਲ ਵਜੋਂ ਹੋਈ ਹੈ।
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਉਹ ਇਲਾਕੇ ਦੇ ਸੀਸੀਟੀਵੀ ਵੀ ਚੈੱਕ ਕਰਨਗੇ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ। ਫਿਲਹਾਲ ਮ੍ਰਿਤਕ ਅੰਕਿਤ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ।
- PTC NEWS