Aam Aadmi Party ਅਸਲ ਵਿੱਚ ਇੱਕ ਕ੍ਰਿਮਿਨਲ ਪਾਰਟੀ ਬਣ ਚੁੱਕੀ ਹੈ: ਸਰਬਜੀਤ ਸਿੰਘ ਝਿੰਜਰ
Bathinda News : ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਆਮ ਆਦਮੀ ਪਾਰਟੀ ਦੀ ਤਿੱਖੀ ਨਿੰਦਿਆ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅਸਲ ਵਿੱਚ ਇੱਕ ਕ੍ਰਿਮਿਨਲ ਪਾਰਟੀ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਇਹ ਪਾਰਟੀ ਪੰਜਾਬ ਵਿੱਚ ਸੱਤਾ ਵਿੱਚ ਆਈ ਹੈ, ਉਸ ਦਿਨ ਤੋਂ ਹੀ ਸੂਬੇ ਦੀ ਕਾਨੂੰਨ-ਵਿਵਸਥਾ ਦੀਆਂ ਪੂਰੀ ਤਰ੍ਹਾਂ ਧੁੱਜੀਆਂ ਉੱਡ ਰਹੀਆਂ ਹਨ। ਦਿਨ ਦਿਹਾੜੇ ਚੋਰੀਆਂ, ਸ਼ਰੇਆਮ ਕਤਲ, ਲੁੱਟਾਂ-ਖੋਹਾਂ ਅਤੇ ਡਕੈਤੀਆਂ ਆਮ ਗੱਲ ਬਣ ਚੁੱਕੀਆਂ ਹਨ। ਝਿੰਜਰ ਨੇ ਕਿਹਾ ਕਿ ਮਨੀਸ਼ ਸਿਸੋਦੀਆ ਵੱਲੋਂ ਦਿੱਤੇ ਗਏ ‘ਸਾਮ-ਦਾਮ-ਦੰਡ-ਭੇਦ’ ਵਾਲੇ ਬਿਆਨ ਇਸ ਗੱਲ ਦਾ ਖੁੱਲ੍ਹਾ ਸਬੂਤ ਹਨ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਿਸ ਕਿਸਮ ਦੀ ਘਟੀਆ ਤੇ ਜ਼ਬਰਦਸਤੀ ਵਾਲੀ ਰਾਜਨੀਤੀ ਲਾਗੂ ਕਰਨਾ ਚਾਹੁੰਦੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੀ ਪੰਜਾਬ ਵਿੱਚ 100 ਤੋਂ ਵੱਧ ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ‘ਝਾੜੂ ਸਰਕਾਰ’ ਨੇ ਨਸ਼ਿਆਂ ਅਤੇ ਬੇਅਦਬੀ ਵਰਗੇ ਸੰਵੇਦਨਸ਼ੀਲ ਮੁੱਦਿਆਂ ’ਤੇ ਸਿਰਫ਼ ਰਾਜਨੀਤੀ ਕੀਤੀ ਹੈ, ਪਰ ਪਿਛਲੇ ਚਾਰ ਸਾਲਾਂ ਵਿੱਚ ਵਿਕਾਸ ਜਾਂ ਲੋਕ-ਭਲਾਈ ਦਾ ਕੋਈ ਢੁੱਕਵਾਂ ਕੰਮ ਨਹੀਂ ਕੀਤਾ। ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਅਤੇ ਖੋਖਲੇ ਭਾਸ਼ਣਾਂ ਤੱਕ ਸੀਮਿਤ ਰਹੀ ਹੈ। ਝਿੰਜਰ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ’ਤੇ ਸਿੱਧੀ ਤਰ੍ਹਾਂ ਬਣਦੀ ਹੈ।
328 ਪਾਵਨ ਸਰੂਪਾਂ ਦੇ ਮਾਮਲੇ ’ਤੇ ਬੋਲਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਕਮਿਸ਼ਨ ਦੀ ਰਿਪੋਰਟ ਅਨੁਸਾਰ ਇਹ ਮਾਮਲਾ ਬੇਅਦਬੀ ਨਹੀਂ, ਸਗੋਂ ਕੁਝ ਭ੍ਰਿਸ਼ਟ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋਏ ਵਿੱਤੀ ਘਪਲੇ ਦਾ ਹੈ। ਪਾਵਨ ਸਰੂਪ ਸੰਗਤਾਂ ਨੂੰ ਦਿੱਤੇ ਗਏ ਪਰ ਉਨ੍ਹਾਂ ਦੀ ਬਣਦੀ ਭੇਂਟਾ ਟਰੱਸਟ ਫੰਡਾਂ ਵਿੱਚ ਜਮ੍ਹਾਂ ਨਹੀਂ ਕਰਵਾਈ ਗਈ ਅਤੇ ਨਾ ਹੀ ਬਿੱਲ ਕੱਟੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ਵਿੱਚ 16 ਦੋਸ਼ੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਇਹ ਬੇਅਦਬੀ ਦਾ ਨਹੀਂ, ਪਾਵਨ ਸਰੂਪਾਂ ਨਾਲ ਛੇੜਛਾੜ ਦਾ ਮਾਮਲਾ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਇਨ੍ਹਾਂ 16 ਦੋਸ਼ੀਆਂ ਵਿੱਚ ਸ਼ਾਮਲ ਜਸਪ੍ਰੀਤ ਸਿੰਘ, ਜਿਸਨੂੰ SGPC ਵੱਲੋਂ ਸਸਪੈਂਡ ਕੀਤਾ ਗਿਆ ਸੀ, ਨੂੰ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰ ਦਿੱਤਾ, ਪਰ ਇਸ ’ਤੇ ਕਿਸੇ ਵੀ ਪੱਧਰ ’ਤੇ ਸਵਾਲ ਨਹੀਂ ਉਠਾਇਆ ਗਿਆ।ਝਿੰਜਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੱਖ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਰਚ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨਾਸਤਕ ਹਨ, ਜੋ ਰੱਬ ਦੀ ਹੋਂਦ ’ਤੇ ਭਰੋਸਾ ਨਹੀਂ ਕਰਦੇ। ਭਗਵੰਤ ਮਾਨ ਸ਼ਰਾਬ ਪੀ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਪਹੁੰਚਦਾ ਹੈ ਅਤੇ ਮਾਂ ਦੀ ਸਹੁੰ ਖਾ ਕੇ ਮੁਕਰ ਜਾਂਦਾ ਹੈ।SIT ਦੇ ਗਠਨ ’ਤੇ ਤਿੱਖੀ ਟਿੱਪਣੀ ਕਰਦਿਆਂ, ਸ. ਝਿੰਜਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਉਭਰ ਰਹੀ ਤਾਕਤ ਤੋਂ ਬੌਖਲਾਈ ਆਪ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਦਖਲ ਦੇਣ ਲਈ ਪੱਖਪਾਤੀ SIT ਬਣਾਈ ਹੈ। ਇਸ SIT ਦਾ ਇਕੋ ਇਕ ਮਕਸਦ ਆਮ ਆਦਮੀ ਪਾਰਟੀ ਦੇ ਰਾਜਨੀਤਿਕ ਏਜੰਡੇ ਤਹਿਤ ਸ. ਸੁਖਬੀਰ ਸਿੰਘ ਬਾਦਲ ਨੂੰ ਝੂਠੇ ਮਾਮਲਿਆਂ ਵਿੱਚ ਫਸਾਉਣਾ ਹੈ।
ਉਨ੍ਹਾਂ ਦੋਸ਼ ਲਗਾਇਆ ਕਿ SIT ਵਿੱਚ ਜਾਣਬੁੱਝ ਕੇ ਅਜਿਹੇ ਅਧਿਕਾਰੀ ਸ਼ਾਮਲ ਕੀਤੇ ਗਏ ਹਨ, ਜੋ ਆਪ ਪਾਰਟੀ ਦੇ ਇਸ਼ਾਰਿਆਂ ’ਤੇ ਕੰਮ ਕਰਦੇ ਹਨ ਅਤੇ ਸ. ਸੁਖਬੀਰ ਸਿੰਘ ਬਾਦਲ ਨਾਲ ਨਿੱਜੀ ਰੰਜਿਸ਼ ਰੱਖਦੇ ਹਨ। ਉਨ੍ਹਾਂ CP ਗੁਰਪ੍ਰੀਤ ਸਿੰਘ ਭੁੱਲਰ, SP ਹਰਪਾਲ ਸਿੰਘ, SP ਗੁਰਬੰਸ ਸਿੰਘ ਬੈਂਸ ਅਤੇ DSP ਬੇਅੰਤ ਜੁਨੇਜਾ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਸਾਰੇ ਅਫ਼ਸਰ ਸਿਆਸੀ ਦਬਾਅ ਹੇਠ ਕੰਮ ਕਰ ਰਹੇ ਹਨ।
ਝਿੰਜਰ ਨੇ ਕਿਹਾ ਕਿ ਇਸ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਸੀਪੀ (CP) ਗੁਰਪ੍ਰੀਤ ਸਿੰਘ ਭੁੱਲਰ ਨੂੰ ਮੈਂਬਰ ਬਣਾਇਆ ਗਿਆ। ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ’ਤੇ ਇੱਕ ਪਾਕਿਸਤਾਨੀ ਏਜੰਟ ਨਰਾਇਣ ਸਿੰਘ ਚੌੜਾ ਵੱਲੋਂ ਜਾਨਲੇਵਾ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ, ਤਾਂ ਗੁਰਪ੍ਰੀਤ ਸਿੰਘ ਭੁੱਲਰ ਨੇ ਛੇ ਘੰਟਿਆਂ ਤੱਕ FIR ਦਰਜ ਕਰਨ ਦੀ ਖੇਚਲ ਤੱਕ ਨਹੀਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰਿਕਾਰਡ ’ਤੇ ਆ ਕੇ ਇਹ ਵੀ ਕਹਿ ਦਿੱਤਾ ਸੀ ਕਿ ਇਹ ਹਮਲਾ ਲੋਕਾਂ ਦੀ ਹਮਦਰਦੀ ਹਾਸਲ ਕਰਨ ਲਈ ਸ. ਸੁਖਬੀਰ ਸਿੰਘ ਬਾਦਲ ਵੱਲੋਂ ਖੁਦ ਕਰਵਾਇਆ ਹੋ ਸਕਦਾ ਹੈ। ਚੌੜਾ ਦੀ ਤਿੰਨ ਮਹੀਨੇ ਬਾਅਦ ਜਮਾਨਤ ਹੋ ਗਈ ਉਸ ਖ਼ਿਲਾਫ਼ ਚਲਾਨ ਪੇਸ਼ ਨਹੀਂ ਕੀਤਾ ਗਿਆ।
ਦੂਜਾ ਸਿੱਟ ਮੈਂਬਰ ਐੱਸਪੀ (SP) ਹਰਪਾਲ ਸਿੰਘ ਸਿੰਘ ਨੂੰ ਬਣਾਇਆ ਗਿਆ। ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ’ਤੇ ਹਮਲਾ ਕਰਨ ਵਾਲੇ ਵਿਅਕਤੀ ਮੁਲਜ਼ਮ ਨਰਾਇਣ ਸਿੰਘ ਚੌੜਾ ਦੀ ਉਸ ਜਗ੍ਹਾ ਦੀ ਰੇਕੀ ਕਰਨ ਦੇ ਵਿੱਚ ਮਦਦ ਕੀਤੀ ਸੀ, ਜਿੱਥੇ ਸ. ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਸੇਵਾ ਨਿਭਾਅ ਰਹੇ ਸਨ। ਤੀਜਾ SIT ਮੈਂਬਰ ਐੱਸਪੀ (SP) ਗੁਰਬੰਸ ਸਿੰਘ ਬੈਂਸ ਨੂੰ ਬਣਾਇਆ ਗਿਆ, ਜੋ ਕਿ ਇੱਕ ਦਾਗ਼ੀ ਅਫ਼ਸਰ ਹੈ, ਜਿਸ ਨੂੰ ਅਕਾਲੀ ਸਰਕਾਰ ਦੌਰਾਨ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਜ਼ਾ ਮਿਲੀ ਸੀ ਅਤੇ ਇਹ ਉਸ SIT ਦਾ ਵੀ ਮੈਂਬਰ ਹੈ, ਜਿਸ ਨੇ ਸ. ਬਿਕਰਮ ਸਿੰਘ ਮਜੀਠੀਆ ਖਿਲਾਫ਼ ਝੂਠਾ ਕੇਸ ਦਰਜ ਕੀਤਾ ਹੈ।
ਚੌਥਾ ਸਿੱਟ ਮੈਂਬਰ - ਡੀਐੱਸਪੀ (DSP) ਬੇਅੰਤ ਜੁਨੇਜਾ ਨੂੰ ਬਣਾਇਆ ਗਿਆ। ਇਹ ਪਟਿਆਲਾ ਦੇ ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆਂ ਦੇ ਖਾਸਮਖਾਸ ਇੱਕ ਆਗੂ ਦਾ ਭਰਾ ਹੈ ਅਤੇ ਹਾਲ ਹੀ ਵਿੱਚ ਉਸ ਨੂੰ ਤਰੱਕੀ ਦੇ ਕੇ ਲੁਧਿਆਣਾ ਵਿੱਚ ਡੀਐਸਪੀ ਲਗਾਇਆ ਹੈ। ਇਹ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਕਿਸੇ ਦੇ ਵੀ ਖ਼ਿਲਾਫ਼ ਝੂਠਾ ਮਾਮਲਾ ਦਰਜ ਕਰ ਸਕਦਾ ਹੈ। ਇਨ੍ਹਾਂ ਨੂੰ ਪਤਾ ਹੈ ਕਿ ਜੇ ਅਸੀਂ ਆਮ ਆਦਮੀ ਪਾਰਟੀ ਦੇ ਵਿਰੋਧੀਆਂ ਉੱਤੇ ਮਾਮਲੇ ਦਰਜ ਕਰਾਂਗੇ ਤਾਂ ਸਾਡੀਆਂ ਨੌਕਰੀਆਂ ਬਚੀਆਂ ਰਹਿਣਗੀਆਂ।
ਝਿੰਜਰ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਕਿਸੇ ਵੀ ਤਰ੍ਹਾਂ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਇਹ ਕਾਰਵਾਈਆਂ ਆਪ ਸਰਕਾਰ ਦੀ ਘਬਰਾਹਟ ਨੂੰ ਦਰਸਾਉਂਦੀਆਂ ਹਨ। ਅੰਤ ਵਿੱਚ ਉਨ੍ਹਾਂ ਮਨੀਸ਼ ਸਿਸੋਦੀਆ ਅਤੇ ਕੇਜਰੀਵਾਲ ’ਤੇ ਤੰਜ਼ ਕਸਦਿਆਂ ਕਿਹਾ ਕਿ ਸ਼ਰਾਬ ਘੁਟਾਲੇ ਵਿੱਚ ਦੋਵੇਂ ਜੇਲ੍ਹ ਜਾ ਚੁੱਕੇ ਹਨ ਅਤੇ ਅੱਜ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀਆਂ ਗੱਲਾਂ ਕਰ ਰਹੇ ਹਨ। ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਬਾਰੇ ਦਿੱਤੇ ਗਏ ਵਿਵਾਦਿਤ ਬਿਆਨ ’ਤੇ ਬੋਲਦਿਆਂ ਝਿੰਜਰ ਨੇ ਕਿਹਾ ਕਿ ਆਤਿਸ਼ੀ ਖ਼ਿਲਾਫ਼ ਮਾਮਲਾ ਦਰਜ ਹੋਣ ਤੱਕ ਪੂਰੇ ਪੰਜਾਬ ਵਿੱਚ ਸੰਘਰਸ਼ ਜਾਰੀ ਰਹੇਗਾ। ਅੰਤ ਵਿੱਚ ਝਿੰਜਰ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਭਾਈਚਾਰਕ ਸਾਂਝ ਅਤੇ ਧਾਰਮਿਕ ਸੰਸਥਾਵਾਂ ਨੂੰ ਬਚਾਉਣ ਲਈ ਸੱਚ ਅਤੇ ਝੂਠ ਦੀ ਪਛਾਣ ਕਰਨ ਅਤੇ ਆਮ ਆਦਮੀ ਪਾਰਟੀ ਦੀਆਂ ਚਾਲਾਂ ਤੋਂ ਸਾਵਧਾਨ ਰਹਿਣ।
- PTC NEWS