Hoshiarpur News : ਟਾਂਡਾ ਦੇ ਪਿੰਡ ਮਿਆਣੀ 'ਚ ਅਣਪਛਾਤੇ ਹਮਲਾਵਰਾਂ ਵਲੋਂ ਆਪ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ
Hoshiarpur News : ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਮਿਆਣੀ ’ਚ ਅੱਜ ਦਿਨ ਦਿਹਾੜੇ ਅਣਪਛਾਤੇ ਹਮਲਾਵਰਾਂ ਨੇ ਦੁਕਾਨ ਮਾਲਕ ਤੇ ਆਪ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦਕਿ ਨੇੜੇ ਬੈਠੇ ਉਸ ਦੇ ਸਾਥੀ ’ਤੇ ਵੀ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਹੈ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਿਆਣੀ ਅਤੇ ਜ਼ਖਮੀ ਵਿਅਕਤੀ ਦੀ ਪਛਾਣ ਲਖਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮਿਆਣੀ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਆਪਣੀ ਹਾਰਡਵੇਅਰ ਦੀ ਦੁਕਾਨ ’ਤੇ ਬੈਠਾ ਸੀ ਤਾਂ ਮੋਟਰਸਾਈਕਲ ’ਤੇ ਆਏ ਦੋ ਅਣਪਛਾਤੇ ਹਮਲਾਵਰਾਂ ਨੇ ਬਲਵਿੰਦਰ ਸਿੰਘ ’ਤੇ ਤਾਬੜਤੋੜ ਗੋਲੀਆਂ ਨਾਲ ਹਮਲਾ ਕਰ ਦਿੱਤਾ। ਹਮਲੇ ਦਾ ਜਦੋਂ ਨਾਲ ਬੈਠੇ ਸਾਥੀ ਲਖਵਿੰਦਰ ਸਿੰਘ ਨੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਸ ’ਤੇ ਵੀ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ’ਚ ਉਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬਲਵਿੰਦਰ ਸਿੰਘ ਦੀ ਟਾਂਡਾ ਉੜਮੁੜ ਦੇ ਸਿਵਲ ਹਸਪਤਾਲ ਵਿਚ ਮੌਤ ਹੋ ਗਈ। ਇਸ ਘਟਨਾ ਉਪਰੰਤ ਡੀ.ਐਸ.ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਪੁਲਿਸ ਟੀਮ ਸਮੇਤ ਪਹੁੰਚ ਕੇ ਅਗਲੇਰੀ ਜਾਂਚ ਪੜਤਾਲ ਆਰੰਭ ਕਰ ਦਿੱਤੀ ਹੈ। ਦਿਨ ਦਿਹਾੜੇ ਹੀ ਵਾਪਰੇ ਇਸ ਕਤਲ ਕਾਂਡ ਦੇ ਕਾਰਨ ਇਲਾਕੇ ’ਚ ਸਹਿਮ ਦਾ ਮਾਹੌਲ ਹੈ ਅਤੇ ਲੋਕ ਡਰੇ ਹੋਏ ਨਜ਼ਰ ਆਏ ਹਨ।
ਜ਼ਖਮੀ ਲਖਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੱਸਿਆ ਕੀ ਅਸੀਂ ਦੋਵੇਂ ਦੁਕਾਨ 'ਤੇ ਬੈਠੇ ਸੀ ਕਿ ਦੋ ਹਮਲਾਵਰ ਆਏ ,ਉਹਨਾਂ ਨੇ ਤਾਬੜਤੋੜ ਗੋਲੀਆਂ ਚਲਾਈਆਂ ਤੇ ਜਦੋਂ ਮੈਂ ਉਹਨਾਂ ਦਾ ਵਿਰੋਧ ਕਰਨਾ ਚਾਹਿਆ ਤੇ ਮੇਰੇ ਵੀ ਉਹਨਾਂ ਨੇ ਇੱਕ ਗੋਲੀ ਮਾਰੀ ,ਜਿਹੜੀ ਮੇਰੇ ਮੋਢੇ ਤੋਂ ਆਰ ਪਾਰ ਹੋ ਕੇ ਲੰਘ ਗਈ ਅਤੇ ਹਮਲਾਵਰਾਂ ਦੀ ਪਹਿਚਾਣ ਨਹੀਂ ਹੋ ਸਕੀ ,ਪੁਲਿਸ ਤਫਤੀਸ਼ 'ਚ ਜੁੱਟ ਗਈ ਹੈ।
- PTC NEWS