ਇਜ਼ਰਾਈਲ 'ਤੇ ਹਮਾਸ ਦੇ ਹਮਲੇ ਤੋਂ ਬਾਅਦ ਗਲੋਬਲ ਤੇਲ ਦੀਆਂ ਕੀਮਤਾਂ 'ਚ ਹੋਇਆ ਵਾਧਾ, ਪੈ ਸਕਦਾ ਹੈ ਆਮ ਨਾਗਰਿਕ ਦੀ ਜੇਬ 'ਤੇ ਭਾਰ
Israel Hamas conflict: ਹਮਾਸ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਇਸ ਦਾ ਪਹਿਲਾ ਅਸਰ ਦੇਖਣ ਨੂੰ ਮਿਲਿਆ। ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਆਮ ਆਦਮੀ ਦੀ ਜੇਬ 'ਤੇ ਹੁਣ ਹੋਰ ਭਾਰ ਹੋਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ ਤੇ ਹਮਾਸ ਦੇ ਹਮਲੇ ਦੇ 3 ਦਿਨ ਬਾਅਦ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਜੇਕਰ ਇਹ ਕੀਮਤਾਂ ਸੱਥਿਰ ਨਹੀਂ ਰਹਿੰਦੀਆਂ ਤਾਂ ਪੈਟਰੋਲ ਅਤੇ ਲੀਜਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲੇਗਾ।
ਦਰਅਸਲ, ਹਮਾਸ ਦੇ ਅੱਤਵਾਦੀਆਂ ਵੱਲੋਂ ਇਜ਼ਰਾਈਲ 'ਤੇ ਹਮਲੇ ਦੇ ਤੀਜੇ ਦਿਨ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ 4 ਫ਼ੀਸਦੀ ਦਾ ਵਾਧਾ ਹੋਇਆ ਹੈ। ਗਲੋਬਲ ਬੈਂਚਮਾਰਕ ਬੈਂਟ ਸੋਮਵਾਰ ਨੂੰ 4.53 ਫ਼ੀਸਦੀ ਵੱਧ ਕੇ 88.41 ਡਾਲਰ ਪ੍ਰਤੀ ਬੈਰਲ 'ਤੇ ਵਪਾਰ ਕਰ ਰਿਹਾ ਸੀ।
ਜਦੋਂ ਕਿ ਯੂ.ਐੱਸ ਵੈਸਟ ਟੈਕਸਾਸ ਇੰਟਰਮੀਡੀਏਟ ਫਿਊਚਰਜ਼ 4.69 ਫ਼ੀਸਦੀ ਵਧ ਕੇ 88.67 ਡਾਲਰ ਪ੍ਰਤੀ ਬੈਰਲ ਪਹੁੰਚ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਜ਼ਰਾਈਲ-ਹਮਾਸ ਯੁੱਧ ਪੱਛਮੀ ਏਸ਼ੀਆ ਤੱਕ ਫੈਲਦਾ ਹੈ ਤਾਂ ਕੱਚੇ ਤੇਲ ਦੀ ਸਪਲਾਈ 'ਚ ਚੁਣੌਤੀ ਹੋ ਸਕਦੀ ਹੈ। ਪਿਛਲੇ ਤਿੰਨ ਮਹੀਨਿਆਂ (ਜੁਲਾਈ ਤੋਂ ਸਤੰਬਰ) 'ਚ ਕੱਚੇ ਤੇਲ ਦੀ ਕੀਮਤ 'ਚ 30 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਨੇ ਪਿਛਲੇ 13 ਮਹੀਨਿਆਂ ਦਾ ਰਿਕਾਰਡ ਤੋੜ ਦਿੱਤਾ।
ਉਥੇ ਹੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਵੀ ਅੱਜ ਸਵੇਰੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਜਾਰੀ ਕਰ ਦਿੱਤੇ ਹਨ। ਇੰਡੀਅਨ ਆਇਲ ਮੁਤਾਬਕ ਦਿੱਲੀ 'ਚ ਪੈਟਰੋਲ 96.72 ਪ੍ਰਤੀ ਲੀਟਰ ਅਤੇ ਡੀਜ਼ਲ 89.62 ਰੁਪਏ ਦੇ ਹਿਸਾਬ ਨਾਲ ਵਿਕ ਰਿਹਾ ਹੈ। ਬਿਹਾਰ ਦੇ ਪਟਨਾ 'ਚ ਅੱਜ ਇਕ ਲੀਟਰ ਪੈਟਰੋਲ ਦੀ ਕੀਮਤ 107.24 ਰੁਪਏ ਅਤੇ ਡੀਜ਼ਲ ਦੀ ਕੀਮਤ 94.04 ਰੁਪਏ ਪ੍ਰਤੀ ਲੀਟਰ ਹੈ। ਦੂਜੇ ਪਾਸੇ ਰਾਜਸਥਾਨ ਦੇ ਜੈਪੁਰ 'ਚ ਪੈਟਰੋਲ 108.48 ਰੁਪਏ ਅਤੇ ਡੀਜ਼ਲ 93.72 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
- PTC NEWS