Punjab Politics : ਨਸ਼ੇ ਨੇ ਪੰਜਾਬ 'ਚ ਸੌਖਾ ਕੀਤਾ BJP ਦਾ ਸਾਹ ! ਅਮਿਤ ਸ਼ਾਹ ਦੀ ਐਂਟਰੀ ਨੇ ਬਦਲੀ ਸਿਆਸੀ ਹਵਾ
Amit Shah Punjab Visit : ਪੰਜਾਬ ਵਿਧਾਨ ਸਭਾ ਚੋਣਾਂ 'ਚ ਕੁੱਝ ਮਹੀਨਿਆਂ ਦਾ ਹੀ ਸਮਾਂ ਬਾਕੀ ਰਹਿ ਗਿਆ ਹੈ, ਜਿਸ ਦੇ ਮੱਦੇਨਜ਼ਰ ਨਸ਼ਾ ਸਭ ਤੋਂ ਵੱਡਾ ਮੁੱਦਾ ਬਣ ਕੇ ਉਭਰਿਆ ਹੈ। ਪੰਜਾਬ 'ਚ ਨਸ਼ੇ ਨੂੰ ਜੜ੍ਹ ਤੋਂ ਸਫਾਇਆ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ (AAP) ਲਈ ਇਹ ਸਮਾਂ ਹੁਣ ਤੱਕ ਦਾ ਸਭ ਤੋਂ ਔਖਾ ਸਮਾਂ ਹੈ, ਜਦੋਂ ਉਹ ਆਪਣੇ ਇਸ ਗਰੰਟੀ (ਵਾਅਦੇ) 'ਤੇ ਹੀ ਘਿਰਦੀ ਜਾ ਰਹੀ ਹੈ।
'ਆਪ' ਦੀ ਔਖੀ ਘੜੀ, ਬੀਜੇਪੀ (BJP) ਦਾ ਲਾਭ
ਆਮ ਆਦਮੀ ਪਾਰਟੀ (AAP) ਨੂੰ ਸੱਤਾ ਵਿੱਚ ਸਾਢੇ ਚਾਰ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ, ਪਰ (ਦਾਅਵਿਆਂ ਅਨੁਸਾਰ) ਨਸ਼ੇ ਜਿਉਂ ਦੇ ਤਿਉਂ ਵਿਕ ਰਹੇ ਹਨ, ਜਿਸ ਸਬੰਧੀ ਕਈ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਕਈ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ (Drugs Deaths in Punjab) ਨੇ ਵੀ ਇਸ 'ਤੇ ਮੋਹਰ ਲਗਾਈ ਹੈ। ਪਰੰਤੂ ਹੁਣ ਤਿੰਨ ਵਿਅਕਤੀਆਂ ਦੀ ਨਸ਼ੇ ਖਿਲਾਫ਼ ਲੜਦਿਆਂ ਮੌਤਾਂ ਹੋਣ ਕਾਰਨ ਇਹ ਮੁੱਦਾ ਹੋਰ ਵੀ ਗੰਭੀਰ ਹੋ ਗਿਆ ਹੈ, ਜਿਸ ਨੇ ਰਾਜਨੀਤਕ ਵਿਰੋਧੀਆਂ ਨੂੰ ਇੱਕ ਵੱਡਾ ਮੁੱਦਾ ਦੇ ਦਿੱਤਾ ਹੈ।
ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਤਿੰਨੇ ਮੁੱਖ ਵਿਰੋਧੀ ਧਿਰਾਂ ਹੀ ਨਸ਼ੇ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਨੂੰ ਘੇਰ ਰਹੀਆਂ ਹਨ ਅਤੇ ਮੁੱਖ ਮੰਤਰੀ ਤੋਂ ਨੈਤਿਕਤਾ ਦੇ ਆਧਾਰ 'ਤੇ ਵਾਰ-ਵਾਰ ਅਸਤੀਫਾ ਵੀ ਮੰਗਿਆ ਹੈ, ਪਰੰਤੂ ਭਾਜਪਾ ਦੀ ਇਸ ਮੁੱਦੇ 'ਤੇ ਰਣਨੀਤੀ ਨੇ ਉਸ ਨੂੰ ਪੰਜਾਬ ਦੀ ਸਿਆਸਤ (Punjab Politics News) ਵਿੱਚ ਇੱਕ ਮਜ਼ਬੂਤ ਉਭਾਰ ਦਿੱਤਾ ਹੈ, ਜਿਸ ਦਾ ਸਿੱਧਾ ਲਾਭ ਉਸ ਨੂੰ ਪੰਜਾਬ ਚੋਣਾਂ 'ਚ ਮਿਲਣ ਦੇ ਆਸਾਰ ਵਿਖਾਈ ਦੇ ਰਹੇ ਹਨ।
ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਨੇ ਬਦਲੀ ਸਿਆਸੀ ਹਵਾ (Punjab Assembly Election 2027)
ਹਾਲਾਂਕਿ, ਇਹ ਸਿਆਸੀ ਉਭਾਰ ਅਤੇ ਲਾਭ ਮਿਲਣਾ, ਇਕਦਮ ਨਹੀਂ ਹੋਇਆ ਹੈ। ਜੇਕਰ ਦੇਖਿਆ ਜਾਵੇ ਤਾਂ ਇਸ ਪਿੱਛੇ ਭਾਜਪਾ ਦੀ 18 ਸਤੰਬਰ ਤੋਂ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਵੀ ਵੱਡਾ ਹੱਥ ਹੈ, ਜਿਸ ਰਾਹੀਂ ਉਸ ਨੇ ਪੰਜਾਬ ਭਰ ਦੇ 117 ਵਿਧਾਨ ਸਭਾਵਾਂ ਵਿੱਚ ਜਾ ਕੇ ਘਰ-ਘਰ ਜਾਗਰੂਕਤਾ ਫੈਲਾਉਣ ਲਈ ਪਹੁੰਚ ਬਣਾਈ। ਭਾਵੇਂ ਕਿ ਇਸ ਦੌਰਾਨ ਕੁੱਝ ਥਾਂਵਾਂ 'ਤੇ ਉਸ ਨੂੰ ਪਿੰਡਾਂ ਵਿੱਚ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ।
ਭਾਜਪਾ ਦੀ ਨਸ਼ੇ ਖਿਲਾਫ਼ ਇਹ ਮੁਹਿੰਮ ਉਦੋਂ ਸਾਹਮਣੇ ਆਈ, ਜਦੋਂ ਸੰਗਰੂਰ 'ਚ ਦਿੜ੍ਹਬਾ 'ਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਦੌਰੇ ਦੌਰਾਨ ਨਸ਼ੇ 'ਤੇ ਸਵਾਲ ਨੂੰ ਲੈ ਕੇ ਗੁਲਜ਼ਾਰ ਸਿੰਘ ਨਾਮ ਦੇ ਇੱਕ ਬਜ਼ੁਰਗ ਨੇ ਸਲਫਾਸ ਨਿਗਲ ਲਈ ਸੀ, ਜਿਸ ਦੀ ਬਾਅਦ ਵਿੱਚ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਮੌਤ ਹੋ ਗਈ ਸੀ। ਇਸ ਘਟਨਾ ਪਿੱਛੋਂ ਪੈਦਾ ਹੋਏ ਰੋਹ ਅਤੇ ਸਰਕਾਰ ਦੀ ਕੀਤੀ ਜ਼ਬਰਦਸਤੀ ਕਾਰਵਾਈ ਅਤੇ ਪਰਿਵਾਰ ਨੂੰ ਸਹਾਇਤਾ ਨਾ ਦੇਣ ਦੇ ਦੋਸ਼ਾਂ ਦੀ ਕਾਰਵਾਈ ਨੇ ਸਰਕਾਰ ਖਿਲਾਫ਼ ਲਹਿਰ ਨੂੰ ਭੜਕਾ ਦਿੱਤਾ।
ਭਾਜਪਾ ਦੀ ਮੁਹਿੰਮ ਨੂੰ ਲੈ ਕੇ ਸਿਆਸੀ ਟਕਰਾਅ ਵੀ ਹੋਇਆ। ‘ਆਪ’ ਨੇ ਭਾਜਪਾ ’ਤੇ ਪੰਜਾਬ ਨੂੰ ਸਿਆਸੀ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਉਂਦਿਆਂ ਨਸ਼ਿਆਂ ਦੀ ਸਪਲਾਈ ਨਾਲ ਜੁੜੇ ਦੂਜੇ ਸੂਬਿਆਂ ਅਤੇ ਕੇਂਦਰ ਦੀ ਭੂਮਿਕਾ ’ਤੇ ਸਵਾਲ ਚੁੱਕੇ।
ਭਾਜਪਾ ਨੇ ਇਸ ਮੁਹਿੰਮ ਨੂੰ ਸਿਰਫ਼ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਨਹੀਂ, ਸਗੋਂ ਪ੍ਰਭਾਵਿਤ ਪਰਿਵਾਰਾਂ ਦੀਆਂ ਗੱਲਾਂ ਲੋਕਾਂ ਤੱਕ ਪਹੁੰਚਾਉਣ ਦਾ ਮੰਚ ਵੀ ਬਣਾਇਆ। ਯਾਤਰਾ ਦੌਰਾਨ ਪਾਰਟੀ ਆਗੂਆਂ ਨੇ ਨਸ਼ਿਆਂ ਦੀ ਸਮੱਸਿਆ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ।
ਅਮਿਤ ਸ਼ਾਹ ਦੀ ਐਂਟਰੀ ਨੇ ਬਦਲੀ ਤਸਵੀਰ
ਭਾਜਪਾ ਦੀ ਇਸ ਮੁਹਿੰਮ ਨੂੰ ਉਦੋਂ ਹੋਰ ਵੀ ਬਲ ਮਿਲਿਆ, ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇਸ ਯਾਤਰਾ ਵਿੱਚ ਸ਼ਾਮਲ ਹੋਏ ਅਤੇ ਆਖਰੀ ਦਿਨ 30 ਸਤੰਬਰ ਨੂੰ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਜਿਥੇ ਆਪਣੇ ਨਿਸ਼ਾਨੇ 'ਤੇ ਲਿਆ, ਉਥੇ ਹੀ ਪੰਜਾਬ 'ਚ ਭਾਜਪਾ ਦੀ ਚੋਣ ਮੁਹਿੰਮ ਦੀ ਰਣਨੀਤੀ ਨੂੰ ਵੀ ਸਾਫ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਭਾਜਪਾ 2027 ਵਿਧਾਨ ਸਭਾ ਚੋਣਾਂ ਨਸ਼ੇ ਦੇ ਮੁੱਦੇ 'ਤੇ ਲੜੇਗੀ।
ਅਮਿਤ ਸ਼ਾਹ ਨੇ ਇਹ ਵੀ ਕਿਹਾ, "ਮੈਂ ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਕਰਦਾ ਹਾਂ: ਭਾਜਪਾ ਨੂੰ ਵੋਟ ਪਾਓ, 'ਕਮਲ' ਦੇ ਨਿਸ਼ਾਨ 'ਤੇ ਆਪਣੀ ਵੋਟ ਪਾਓ। ਅਸੀਂ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਨੂੰ 'ਚਿੱਟੇ' (ਸਿੰਥੈਟਿਕ ਨਸ਼ਿਆਂ) ਤੋਂ ਮੁਕਤ ਕਰਾਂਗੇ।"
ਨਸ਼ੇ ਨਾਲ ਮੌਤਾਂ ਨੇ ਭਖਾਈ ਰਾਜਨੀਤੀ
ਨਸ਼ੇ ਦੇ ਮਾਮਲੇ ਨੂੰ ਅਜੇ ਠੱਲ੍ਹ ਪੈਂਦੀ ਨਜ਼ਰ ਆ ਰਹੀ ਸੀ, ਪਰੰਤੂ ਇਹ ਮਾਮਲਾ ਉਦੋਂ ਹੋਰ ਭੜਕ ਗਿਆ ਜਦੋਂ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਨਾਮ ਦੇ ਨੌਜਵਾਨ, ਜੋ ਕਿ ਨਸ਼ਿਆਂ ਦਾ ਵਿਰੋਧ ਕਰਦਾ ਸੀ, ਨੂੰ ਅਸ਼ਵਨੀ ਮੈਡੀਕਲ ਹਾਲ ਦੇ ਮਾਲਕ ਅਸ਼ਵਨੀ ਕੁਮਾਰ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਨੂੰ ਲੈ ਕੇ ਮਾਨਸਾ 'ਚ ਰੋਹ ਅਜਿਹਾ ਭੜਕਿਆ ਕਿ ਪ੍ਰਸ਼ਾਸਨ ਤੇ ਸਰਕਾਰ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ।
ਪੰਜਾਬ ਬੰਦ, ਸੀਬੀਆਈ ਜਾਂਚ ਦੀ ਮੰਗ ਅਤੇ ਆਮ ਆਦਮੀ ਪਾਰਟੀ ਦੇ 'ਨਿੱਜੀ ਦੁਸ਼ਮਣੀ' ਵਰਗੇ ਬਿਆਨ, ਆਦਿ ਚੀਜ਼ਾਂ ਨੇ ਜਿਥੇ ਪੰਜਾਬ ਭਰ ਦੇ ਲੋਕਾਂ ਦਾ ਧਿਆਨ ਖਿੱਚਿਆ, ਉਥੇ ਭਾਜਪਾ ਦੀ ਨਸ਼ਾ ਮੁਕਤ ਮੁਹਿੰਮ ਨੂੰ ਤਗੜਾ ਹੁੰਗਾਰਾ ਦਿੱਤਾ। ਉਪਰੰਤ, 15 ਅਕਤੂਬਰ ਨੂੰ ਬਟਾਲਾ 'ਚ ਵੀ ਨਸ਼ੇ ਦੇ ਵਿਰੋਧ ਦੌਰਾਨ ਨੌਜਵਾਨ ਬਿਕਰਮਜੀਤ ਸਿੰਘ ਦੇ ਕਤਲ ਨੇ ਪੰਜਾਬ 'ਚ ਨਸ਼ੇ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਖਤ ਕਾਰਵਾਈ ਲਈ ਸੱਦਾ ਦਿੱਤਾ, ਜਿਸ 'ਤੇ ਕੇਂਦਰ ਸਰਕਾਰ ਨੇ ਤਿੰਨਾਂ ਮਾਮਲਿਆਂ 'ਚ ਮੁੱਖ ਸਕੱਤਰ ਤੋਂ ਰਿਪੋਰਟ ਤਲਬ ਕੀਤੀ, ਉਥੇ ਹੀ ਪੰਜਾਬ 'ਚ ਨਸ਼ਿਆਂ ਦੇ ਮੁੱਦੇ 'ਤੇ ਵੀ ਜਵਾਬ ਮੰਗਿਆ ਹੈ।
ਉਪਰੰਤ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨਸ਼ੇ ਦੇ ਮੁੱਦੇ 'ਤੇ 20 ਅਕਤੂਬਰ ਨੂੰ ਦੌਰਾ ਰੱਖਿਆ, ਜਿਸ ਨੇ ਪੰਜਾਬ ਦੀ ਸਿਆਸਤ 'ਚ ਹਲਚਲ ਪੈਦਾ ਕਰ ਦਿੱਤੀ ਹੈ। ਸਿਆਸੀ ਮਾਹਰਾਂ ਵੱਲੋਂ ਇਸ ਦੌਰੇ ਨੂੰ ਜਿਥੇ ਵਿਧਾਨ ਸਭਾ ਚੋਣਾਂ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਉਥੇ ਵਿਰੋਧੀ ਧਿਰਾਂ ਵੱਲੋਂ ਇਸ ਨੂੰ ਭਾਜਪਾ ਵੀ ਕੋਝੀ ਰਾਜਨੀਤੀ ਵੀ ਕਰਾਰ ਦਿੱਤਾ ਹੈ।
ਪੀੜਤ ਪਰਿਵਾਰਾਂ ਨੂੰ ਅਮਿਤ ਸ਼ਾਹ ਭਰੋਸੇ ਦੇ ਦੇ ਕੀ ਮਾਇਨੇ ?
ਕੇਂਦਰੀ ਗ੍ਰਹਿ ਮੰਤਰੀ ਵੱਲੋਂ ਅੱਜ ਬਿਕਰਮਜੀਤ ਸਿੰਘ, ਗੁਲਜ਼ਾਰ ਸਿੰਘ ਅਤੇ ਪਰਵਿੰਦਰ ਸਿੰਘ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਪਰਿਵਾਰਾਂ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਗੁਲਜ਼ਾਰ ਦੇ ਪਰਿਵਾਰ ਨੂੰ ਦੱਸਿਆ ਕਿ ਦੋ ਤੋਂ ਤਿੰਨ ਮਹੀਨਿਆਂ ਵਿੱਚ ਇਨਸਾਫ਼ ਮਿਲੇਗਾ ਅਤੇ ਉਹ ਇਨਸਾਫ਼ ਮਿਲਣ ਤੋਂ ਬਾਅਦ ਅੰਤਿਮ ਸੰਸਕਾਰ 'ਤੇ ਆਉਣਗੇ।
ਪਰਿਵਾਰਕ ਮੈਂਬਰਾਂ ਨੇ ਵੀ ਅਮਿਤ ਸ਼ਾਹ ਨਾਲ ਗੱਲਬਾਤ ਬਾਰੇ ਹਾਂ ਪੱਖੀ ਹੁੰਗਾਰਾ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਇੱਕੋ ਇੱਕ ਮੰਗ ਸੀ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ 'ਤੇ ਕੋਈ ਵਿਸ਼ਵਾਸ ਨਹੀਂ ਹੈ ਅਤੇ ਉਨ੍ਹਾਂ ਨੇ ਆਪਣੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ।
ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ, ਪਰਵਿੰਦਰ ਸਿੰਘ ਝੋਟੇ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਅਮਿਤ ਸ਼ਾਹ ਉਨ੍ਹਾਂ ਦੇ ਪਰਿਵਾਰ ਦਾ ਦੁੱਖ ਸਾਂਝਾ ਕਰਨ ਆਏ ਸਨ। ਮੁਲਾਕਾਤ ਦੌਰਾਨ, ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਨੂੰ ਇੱਕ ਜਾਂ ਦੋ ਦਿਨਾਂ ਵਿੱਚ ਇਨਸਾਫ਼ ਮਿਲਣ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਨੂੰ 24 ਘੰਟੇ ਉਡੀਕ ਕਰਨ ਲਈ ਕਿਹਾ ਗਿਆ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਸੀਬੀਆਈ ਟੀਮ ਅਗਲੇ ਦਿਨ ਦੁਪਹਿਰ 12 ਵਜੇ ਤੱਕ ਪਹੁੰਚ ਜਾਵੇਗੀ।
ਸਿਆਸੀ ਮਾਹਰਾਂ, ਵੱਲੋਂ ਨਸ਼ੇ ਦੇ ਮਾਮਲੇ ਵਿੱਚ ਵਾਪਰੇ ਇਸ ਸਾਰੇ ਘਟਨਾਕ੍ਰਮ ਨੂੰ ਵੇਖਦਿਆਂ ਭਾਜਪਾ ਦੀ ਸਥਿਤੀ ਨੂੰ ਮਜਬੂਤ ਮੰਨਿਆ ਜਾ ਰਿਹਾ ਹੈ, ਕਿਉਂਕਿ ਜਿਥੇ ਇੱਕ-ਡੇਢ ਸਾਲ ਪਹਿਲਾਂ ਭਾਜਪਾ ਦਾ ਪਿੰਡਾਂ 'ਚ ਵਿਰੋਧ ਦੀ ਸਥਿਤੀ ਬਣੀ ਹੋਈ ਸੀ, ਉਸਦੇ ਉਲਟ ਭਾਜਪਾ ਨੂੰ ਹੁਣ ਹੁੰਗਾਰਾ ਮਿਲਦਾ ਵਿਖਾਈ ਦੇ ਰਿਹਾ ਹੈ।
ਪਰਵਿੰਦਿਰ ਸਿੰਘ ਝੋਟਾ ਦੇ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ ਨੂੰ ਅੱਜ ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਮੰਨੇ ਜਾਣ ਨੇ ਵੀ ਆਮ ਆਦਮੀ ਪਾਰਟੀ ਦੀ ਬੁਖਲਾਹਟ ਨੂੰ ਸਾਹਮਣੇ ਲਿਆਂਦਾ ਹੈ। ਭਾਵੇਂ ਆਮ ਆਦਮੀ ਪਾਰਟੀ ਇਸ ਫੈਸਲੇ ਨੂੰ ਆਪਣਾ ਮਾਸਟਰਸਟ੍ਰੋਕ ਦੱਸ ਰਹੀ ਹੈ, ਪਰ ਸਿਆਸੀ ਮਾਹਰਾਂ ਵੱਲੋਂ ਇਸ ਨੂੰ ਗ੍ਰਹਿ ਮੰਤਰੀ ਦੀ ਫੇਰੀ ਦੇ ਮੱਦੇਨਜ਼ਰ ਲਿਆ ਮੰਨਿਆ ਜਾ ਰਿਹਾ ਹੈ।
ਹਾਲਾਂਕਿ, ਪੰਜਾਬ 'ਚ ਨਸ਼ੇ ਦਾ ਮਾਮਲਾ ਭਾਜਪਾ ਨੂੰ ਚੋਣਾਂ 'ਚ ਕਿੰਨਾ ਰਾਸ ਆਵੇਗਾ ? ਇਹ ਫਿਲਹਾਲ ਦੀ ਘੜੀ ਕਹਿਣਾ ਔਖਾ ਹੈ, ਪਰ ਇਸ ਨੇ ਭਾਜਪਾ ਦੇ ਸਾਹ ਨੂੰ ਸੌਖਾ ਜ਼ਰੂਰ ਕੀਤਾ ਹੈ।
ਇਹ ਵੀ ਪੜ੍ਹੋ...
- PTC NEWS