Looteri dulhan : ਔਰਤ ਨੇ 7 ਮਹੀਨਿਆਂ 'ਚ 25 ਲੋਕਾਂ ਨਾਲ ਕਰਵਾਇਆ ਵਿਆਹ , 24 ਤਾਂ ਚੁੱਪ ਰਹੇ ਪਰ 25ਵਾਂ ਪਹੁੰਚ ਗਿਆ ਥਾਣੇ ,ਫ਼ਿਰ ...
Looteri dulhan : ਦੇਸ਼ ਵਿੱਚ ਇਨ੍ਹੀਂ ਦਿਨੀਂ 'ਲੁਟੇਰੀ ਦੁਲਹਨ' ਦੇ ਇੱਕ ਤੋਂ ਵੱਧ ਕੇ ਇੱਕ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ, ਜਿੱਥੇ ਸਵਾਈ ਮਾਧੋਪੁਰ ਦੇ ਮੈਨਟਾਊਨ ਪੁਲਿਸ ਸਟੇਸ਼ਨ ਨੇ 25 ਵਾਰ ਵਿਆਹ ਕਰਵਾ ਕੇ ਲਾੜਿਆਂ ਨੂੰ ਲੁੱਟਣ ਵਾਲੀ ਸ਼ਾਤਿਰ 'ਲੁਟੇਰੀ ਦੁਲਹਨ' ਅਨੁਰਾਧਾ ਨੂੰ ਭੋਪਾਲ ਤੋਂ ਗ੍ਰਿਫ਼ਤਾਰ ਕੀਤਾ ਹੈ। 'ਲੁਟੇਰੀ ਦੁਲਹਨ' ਹਰ ਵਿਆਹ ਤੋਂ ਕੁਝ ਦਿਨਾਂ ਬਾਅਦ ਗਹਿਣੇ, ਨਕਦੀ ਅਤੇ ਮੋਬਾਈਲ ਫੋਨ ਲੈ ਕੇ ਫ਼ਰਾਰ ਹੋ ਜਾਂਦੀ ਸੀ। ਉਸਨੂੰ ਫੜਨ ਲਈ ਪੁਲਿਸ ਨੇ ਇੱਕ ਜਾਅਲੀ ਗਾਹਕ ਬਣ ਕੇ ਜਾਲ ਵਿਛਾਇਆ ਅਤੇ ਫਿਰ ਉਸਨੂੰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਗ੍ਰਿਫਤਾਰ ਕਰ ਲਿਆ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਲੁਟੇਰੀ ਦੁਲਹਨ ਨੇ 7 ਮਹੀਨਿਆਂ ਵਿੱਚ 25 ਵਿਆਹ ਕਰਵਾਏ ਹਨ। ਪੁਲਸ ਮੁਤਾਬਕ 'ਲੁਟੇਰੀ ਦੁਲਹਨ' ਅਨੁਰਾਧਾ ਮੂਲ ਰੂਪ ਤੋਂ ਮਹਾਰਾਜਗੰਜ (ਉੱਤਰ ਪ੍ਰਦੇਸ਼) ਦੀ ਰਹਿਣ ਵਾਲੀ ਹੈ। ਇਸ ਵੇਲੇ ਉਹ ਭੋਪਾਲ ਦੇ ਸ਼ਿਵ ਨਗਰ ਇਲਾਕੇ ਵਿੱਚ ਰਹਿ ਰਹੀ ਸੀ। ਉਸ ਵਿਰੁੱਧ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਮੈਨਟਾਊਨ ਪੁਲਿਸ ਸਟੇਸ਼ਨ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੈਨਟਾਊਨ ਪੁਲਿਸ ਸਟੇਸ਼ਨ ਦੇ ASI ਮੀਠਾ ਲਾਲ ਯਾਦਵ ਨੇ ਦੱਸਿਆ ਕਿ 3 ਮਈ ਨੂੰ ਵਿਸ਼ਨੂੰ ਸ਼ਰਮਾ ਨਾਮ ਦੇ ਇੱਕ ਨੌਜਵਾਨ ਨੇ ਸ਼ਿਕਾਇਤ ਕੀਤੀ ਸੀ ਕਿ ਇੱਕ ਦਲਾਲ ਅਤੇ ਮਹਿਲਾ ਨੇ ਵਿਆਹ ਦੇ ਨਾਮ 'ਤੇ ਉਸ ਤੋਂ 2 ਲੱਖ ਰੁਪਏ ਠੱਗੇ ਅਤੇ ਅਨੁਰਾਧਾ ਦੀ ਫੋਟੋ ਦਿਖਾ ਕੇ ਉਸ ਨਾਲ ਸੰਪਰਕ ਕਰਵਾਇਆ। ਫਿਰ ਕੋਰਟ ਮੈਰਿਜ ਕਰਵਾ ਦਿੱਤੀ। ਵਿਆਹ ਤੋਂ ਕੁਝ ਦਿਨ ਬਾਅਦ ਹੀ ਅਨੁਰਾਧਾ ਘਰੋਂ ਨਕਦੀ, ਗਹਿਣੇ ਅਤੇ ਮੋਬਾਈਲ ਫੋਨ ਲੈ ਕੇ ਭੱਜ ਗਈ।
ਹਰ 8ਵੇਂ ਦਿਨ ਨਵਾਂ ਵਿਆਹ ਰਚਾਉਂਦੀ ਸੀ ਆਰੋਪੀ ਮਹਿਲਾ
ਏਐਸਆਈ ਨੇ ਆਰੋਪੀ ਮਹਿਲਾ ਨੂੰ ਫੜਨ ਲਈ ਜਾਲ ਵਿਛਾਇਆ। ਇੱਕ ਕਾਂਸਟੇਬਲ ਦੇ ਵਿਆਹ ਲਈ ਸੰਪਰਕ ਕੀਤਾ ਸੀ। ਫਿਰ ਇੱਕ ਦਲਾਲ ਨੇ ਔਰਤਾਂ ਦੀਆਂ ਤਸਵੀਰਾਂ ਦਿਖਾਈਆਂ, ਜਿਨ੍ਹਾਂ ਵਿੱਚ ਆਰੋਪੀ ਵੀ ਸ਼ਾਮਲ ਸੀ। ਇਸ ਤੋਂ ਬਾਅਦ ਪੁਲਿਸ ਨੇ ਆਰੋਪੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ। ਆਰੋਪੀ ਔਰਤ 7 ਮਹੀਨਿਆਂ ਵਿੱਚ ਲਗਭਗ 25 ਲੋਕਾਂ ਨਾਲ ਵਿਆਹ ਕਰਵਾ ਚੁੱਕੀ ਸੀ ਅਤੇ ਸਾਰਿਆਂ ਤੋਂ ਪੈਸੇ ਅਤੇ ਗਹਿਣੇ ਲੈ ਕੇ ਫਰਾਰ ਹੋ ਗਈ ਹੈ।
2 ਤੋਂ 5 ਲੱਖ ਰੁਪਏ ਵਿੱਚ ਹੁੰਦਾ ਸੀ ਸੌਦਾ
ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਅਨੁਰਾਧਾ ਨੇ ਹੁਣ ਤੱਕ ਲਗਭਗ 25 ਆਦਮੀਆਂ ਨਾਲ ਵਿਆਹ ਕਰਵਾ ਚੁੱਕੀ ਹੈ ਅਤੇ ਹਰ ਵਾਰ ਉਨ੍ਹਾਂ ਨੂੰ ਲੁੱਟ ਕੇ ਭੱਜ ਜਾਂਦੀ ਹੈ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਗਿਰੋਹ ਭੋਪਾਲ ਤੋਂ ਚਲਾਇਆ ਜਾ ਰਿਹਾ ਸੀ, ਜਿਸ ਵਿੱਚ ਰੋਸ਼ਨੀ, ਸੁਨੀਤਾ, ਰਘੂਵੀਰ, ਗੋਲੂ ਅਤੇ ਜੁਰਜਨ ਨਾਮ ਦੇ ਲੋਕ ਸਰਗਰਮ ਸਨ। ਉਹ ਨਕਲੀ ਏਜੰਟਾਂ ਰਾਹੀਂ ਲੋਕਾਂ ਨਾਲ ਸੰਪਰਕ ਕਰਦੇ ਸਨ, ਉਨ੍ਹਾਂ ਨੂੰ ਕੁੜੀਆਂ ਦੀਆਂ ਤਸਵੀਰਾਂ ਦਿਖਾਉਂਦੇ ਸਨ ਅਤੇ 2 ਤੋਂ 5 ਲੱਖ ਰੁਪਏ ਵਿੱਚ ਸੌਦਾ ਕਰਦੇ ਸਨ। ਪੁਲਿਸ ਨੇ ਦੱਸਿਆ ਕਿ ਅਨੁਰਾਧਾ ਨੇ ਹਾਲ ਹੀ ਵਿੱਚ ਭੋਪਾਲ ਵਿੱਚ ਗੱਬਰ ਨਾਮ ਦੇ ਇੱਕ ਨੌਜਵਾਨ ਤੋਂ 2 ਲੱਖ ਰੁਪਏ ਲੈ ਕੇ ਦੁਬਾਰਾ ਵਿਆਹ ਕੀਤਾ ਸੀ। ਫਿਲਹਾਲ ਪੁਲਿਸ ਆਰੋਪੀ ਔਰਤ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਗਿਰੋਹ ਦੇ ਹੋਰ ਮੈਂਬਰਾਂ ਦੀ ਭਾਲ ਕਰ ਰਹੀ ਹੈ।
- PTC NEWS