Amritsar : ਪਠਾਨਕੋਟ ਹਾਈਵੇ 'ਤੇ ਤਿੰਨ ਵਾਹਨਾਂ ਦੀ ਭਿਆਨਕ ਟੱਕਰ, ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਮੌਤ
Amritsar Pathankot Highway : ਅੱਜ ਅੰਮ੍ਰਿਤਸਰ–ਪਠਾਨਕੋਟ ਹਾਈਵੇ ‘ਤੇ ਕੱਥੂਨੰਗਲ ਟੋਲ ਪਲਾਜ਼ਾ (Kathunangal Toll Plaza) ਦੇ ਨੇੜੇ ਇੱਕ ਭਿਆਨਕ ਸੜਕੀ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਛੋਟਾ ਹਾਥੀ, ਟੈਂਪੂ ਅਤੇ ਬਾਈਕ ਵਿਚਕਾਰ ਜ਼ਬਰਦਸਤ ਟੱਕਰ ਹੋਈ, ਜਿਸ ਦੌਰਾਨ ਬਾਈਕ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪਹਿਚਾਨ ਅਮਨਪ੍ਰੀਤ ਸਿੰਘ ਵੱਜੋਂ ਹੋਈ ਹੈ, ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਉਮਰ 36 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਅਮਨਪ੍ਰੀਤ ਸਿੰਘ ਪਠਾਨਕੋਟ ਤੋਂ ਵਾਪਸ ਅੰਮ੍ਰਿਤਸਰ ਆ ਰਿਹਾ ਸੀ।
ਪੁਲਿਸ ਅਧਿਕਾਰੀਆਂ ਮੁਤਾਬਕ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਟੈਂਪੂ ਰੋਂਗ ਸਾਈਡ ਤੋਂ ਆ ਰਿਹਾ ਸੀ, ਜਿਸ ਕਾਰਨ ਇਹ ਭਿਆਨਕ ਟੱਕਰ ਹੋਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਟੈਂਪੂ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮ੍ਰਿਤਕ ਦੀ ਦੇਹ ਨੂੰ ਪੁਲਿਸ ਵੱਲੋਂ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
- PTC NEWS