ISI ਨਾਲ ਜੁੜੇ ਇੱਕ ਭਾਰਤੀ ਫੌਜੀ ਸਮੇਤ 2 ਗ੍ਰਿਫ਼ਤਾਰ, Pahalgam Attack ਦੇ ਅੱਤਵਾਦੀਆਂ ਨੂੰ ਵੀ ਦਿੱਤੀ ਸੀ ਜਾਣਕਾਰੀ
Amritsar Police : ਪਹਿਲਗਾਮ ਵਿਖੇ ਅੱਤਵਾਦੀਆਂ ਵੱਲੋਂ ਹਮਲਾ (Pahalgam Terrorist Attack) ਕੀਤੇ ਜਾਣ ਤੋਂ ਬਾਅਦ ਭਾਰਤ ਪਾਕਿਸਤਾਨ ਦੌਰਾਨ ਤਨਾਵ ਵਧਣ ਤੋਂ ਬਾਅਦ ਲਗਾਤਾਰ ਹੀ ਪੰਜਾਬ ਪੁਲਿਸ ਵੱਲੋਂ ਪੰਜਾਬ ਵਿੱਚ ਕਈ ਲੋਕਾਂ ਨੂੰ ਪਾਕਿਸਤਾਨ ਵਿੱਚ ਖੁਫੀਆ ਜਾਣਕਾਰੀ ਦੇਣ ਦੇ ਜੁਰਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸੇ ਦੇ ਚਲਦੇ ਅੰਮ੍ਰਿਤਸਰ ਦੀ ਰੂਰਲ ਪੁਲਿਸ ਨੇ ਇਕ ਵੱਡੀ ਖੁਫੀਆ ਅਧਾਰਤ ਕਾਰਵਾਈ ਦੌਰਾਨ ਪਾਕਿਸਤਾਨ ਦੀ ISI ਨਾਲ ਜੁੜੇ ਹੋਣ ਦੇ ਸ਼ੱਕ ‘ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਗ੍ਰਿਫ਼ਤਾਰ ਹੋਣ ਵਾਲਿਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਫੌਜੀ ਅਤੇ ਸਾਹਿਲ ਮਸੀਹ ਉਰਫ਼ ਸ਼ਾਲੀ ਵਜੋਂ ਹੋਈ ਹੈ।
ਐਸਐਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਫੌਜੀ ਭਾਰਤੀ ਫੌਜ ਵਿੱਚ 2016 ਤੋਂ ਸ਼ਾਮਲ ਸੀ ਅਤੇ ਉਹ ਜੰਮੂ ਵਿਖੇ ਆਪਣੀ ਡਿਊਟੀ ਕਰ ਰਿਹਾ ਸੀ। ਸ਼ੁਰੂਆਤੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਪ੍ਰੀਤ ਸਿੱਧਾ ISI ਦੇ ਅਧਿਕਾਰੀਆਂ ਨਾਲ ਸੰਪਰਕ ‘ਚ ਸੀ ਅਤੇ ਉਹ ਭਾਰਤ ਦੀ ਸੰਵੇਦਨਸ਼ੀਲ ਜਾਣਕਾਰੀ ਪੈਨ ਡਰਾਈਵਾਂ ਰਾਹੀਂ ਪਾਕਿਸਤਾਨ ਭੇਜਦਾ ਸੀ। ਇਸ ਮਾਮਲੇ ‘ਚ ਮੁੱਖ ISI ਹੈਂਡਲਰ ਰਾਣਾ ਜਾਵੇਦ ਦੀ ਪਛਾਣ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ, ਜੋ ਕਿ ISI ਦੇ ਸੰਚਾਰ ਲਈ ਵਰਤੇ ਜਾਂਦੇ ਸਨ। ਇਹ ਫੋਨ ਗੁਰਪ੍ਰੀਤ ਅਤੇ ਸਾਹਿਲ ਦੀ ISI ਨਾਲ ਸੰਪਰਕ ਨੂੰ ਸਾਬਤ ਕਰਦੇ ਹਨ। ਇਸ ਸਬੰਧੀ ਪੁਲਿਸ ਵੱਲੋਂ ਅਗਲੇ ਪੱਧਰ ਦੀ ਜਾਂਚ ਜਾਰੀ ਹੈ ਤਾਂ ਜੋ ਪੂਰੇ ਜਾਸੂਸੀ ਅਤੇ ਆਤੰਕ ਗਿਰੋਹ ਦੇ ਜਾਲ ਨੂੰ ਉਜਾਗਰ ਕਰਕੇ ਹੋਰ ਸਾਜ਼ਿਸ਼ਕਾਰਾਂ ਦੀ ਪਛਾਣ ਕੀਤੀ ਜਾ ਸਕੇ। ਜਾਂਚ ਏਜੰਸੀਆਂ ਇਸ ਗੱਲ ਦੀ ਵੀ ਜਾਂਚ ਕਰ ਰਹੀਆਂ ਹਨ ਕਿ ਕੀ ਇਹ ਦੋਸ਼ੀ ਕਿਸੇ ਹੋਰ ਅੰਤਰਰਾਸ਼ਟਰੀ ਜਾਂ ਰਾਸ਼ਟਰੀ ਗਿਰੋਹ ਨਾਲ ਵੀ ਜੁੜੇ ਹੋਏ ਸਨ।
- PTC NEWS