Amritsar News : ਅੰਮ੍ਰਿਤਸਰ ਪੁਲਿਸ ਵੱਲੋਂ ਜਿਸਮ-ਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼, ਨਾਮੀ ਹੋਟਲ 'ਚੋਂ 3 ਗ੍ਰਿਫ਼ਤਾਰ
Prostitution Racket Bust in Amritsar : ਅੰਮ੍ਰਿਤਸਰ ਪੁਲਿਸ ਨੇ ਜਿਸਮ-ਫਰੋਸ਼ੀ ਦੇ ਧੰਦੇ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਇੱਕ ਹੋਟਲ ਤੋਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਥਿਤ ਤੌਰ 'ਤੇ ਔਰਤਾਂ ਨੂੰ ਵੇਸਵਾਗਮਨੀ ਲਈ ਮਜਬੂਰ ਕਰਦੇ ਸਨ। ਇਹ ਕਾਰਵਾਈ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਟੀਮ ਨੇ 7 ਜੁਲਾਈ 2025 ਨੂੰ ਕੀਤੀ ਸੀ।
ਪੁਲਿਸ ਜਾਣਕਾਰੀ ਅਨੁਸਾਰ ਮੁਲਜ਼ਮ ਸਤਵਿੰਦਰ ਸਿੰਘ, ਉਸਦਾ ਪੁੱਤਰ ਗੁਰਕਿਰਨ ਸਿੰਘ, ਦੋਵੇਂ ਦੇਵੀਦਾਸਪੁਰਾ (ਅੰਮ੍ਰਿਤਸਰ ਦਿਹਾਤੀ) ਦੇ ਵਸਨੀਕ ਅਤੇ ਹੋਟਲ ਮੈਨੇਜਰ ਹਰਿੰਦਰ ਸਿੰਘ, ਵਾਸੀ ਪੱਖੋਕੇ (ਜ਼ਿਲ੍ਹਾ ਤਰਨਤਾਰਨ) ਹੋਟਲ "ਅੰਮ੍ਰਿਤਸਰ ਹੋਮ ਸਟੇ" ਵਿੱਚ ਇੱਕ ਕਮਰਾ ਕਿਰਾਏ 'ਤੇ ਲੈ ਕੇ ਇਹ ਗੈਰ-ਕਾਨੂੰਨੀ ਕਾਰੋਬਾਰ ਚਲਾ ਰਹੇ ਸਨ।
ਇੰਸਪੈਕਟਰ ਬਲਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੂੰ ਮੁਖਬਰ ਤੋਂ ਗੁਪਤ ਸੂਚਨਾ ਮਿਲੀ ਸੀ ਕਿ ਉਪਰੋਕਤ ਦੋਸ਼ੀ ਹੋਟਲ ਵਿੱਚ ਕੁੜੀਆਂ ਨੂੰ ਵਰਗਲਾ ਕੇ ਉਨ੍ਹਾਂ ਨੂੰ ਵੇਸਵਾਗਮਨੀ ਲਈ ਮਜਬੂਰ ਕਰ ਰਹੇ ਹਨ। ਜਾਣਕਾਰੀ ਦੀ ਪੁਸ਼ਟੀ ਹੋਣ 'ਤੇ ਪੁਲਿਸ ਟੀਮ ਨੇ ਤੁਰੰਤ ਛਾਪਾ ਮਾਰਿਆ।
ਛਾਪੇਮਾਰੀ ਦੌਰਾਨ ਮੈਨੇਜਰ ਹਰਿੰਦਰ ਸਿੰਘ ਨੂੰ ਹੋਟਲ ਦੇ ਕਾਊਂਟਰ ਤੋਂ, ਉੱਥੇ ਖੜ੍ਹੇ ਸਤਵਿੰਦਰ ਸਿੰਘ ਨੂੰ ਅਤੇ ਗੁਰਕਿਰਨ ਸਿੰਘ ਨੂੰ ਕਮਰਾ ਨੰਬਰ 101 ਤੋਂ ਗ੍ਰਿਫ਼ਤਾਰ ਕੀਤਾ ਗਿਆ। ਕਮਰਾ ਨੰਬਰ 102 ਤੋਂ ਤਿੰਨ ਕੁੜੀਆਂ ਵੀ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਨੂੰ ਜ਼ਬਰਦਸਤੀ ਇਸ ਗੰਦੇ ਕਾਰੋਬਾਰ ਵਿੱਚ ਧੱਕਿਆ ਗਿਆ ਸੀ।
ਪੁਲਿਸ ਨੇ ਮੁਲਜ਼ਮਾਂ ਵਿਰੁੱਧ ਅਨੈਤਿਕ ਆਵਾਜਾਈ ਰੋਕਥਾਮ ਐਕਟ 1956 ਦੀ ਧਾਰਾ 3, 5 ਅਤੇ 9 ਤਹਿਤ ਮਾਮਲਾ ਦਰਜ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਗਿਆ।
- PTC NEWS