Anganwadi Workers Union ਸੀਟੂ ਵੱਲੋਂ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਮੌਕੇ ਇੰਟਰਵਿਊ ਰੱਖਣ ਦਾ ਵਿਰੋਧ
Anganwadi Workers Union : ਪੰਜਾਬ ਸਰਕਾਰ ਵੱਲੋਂ ਭਰਤੀ ਕੀਤੇ ਜਾ ਰਹੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਅਸਾਮੀਆਂ ਲਈ ਇੰਟਰਵਿਊ ਰੱਖੇ ਜਾਣ ਦਾ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਸਖਤ ਵਿਰੋਧ ਕੀਤਾ ਗਿਆ। ਆਂਗਣਵਾੜੀ ਵਰਕਰਜ਼ ਹੈਲਪਰਜ਼ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਊਸ਼ਾ ਰਾਣੀ, ਸੂਬਾਈ ਪ੍ਰਧਾਨ ਹਰਜੀਤ ਕੌਰ ,ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਦੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਸਬੰਧੀ ਇਸ਼ਤਿਹਾਰ ਦਿੱਤਾ ਗਿਆ ਸੀ ਤਾਂ ਉਸ ਵਿਚ ਇੰਟਰਵਿਊ ਦਾ ਜ਼ਿਕਰ ਨਹੀਂ ਸੀ।
ਆਗੂਆਂ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਚਹੇਤਿਆਂ ਨੂੰ ਭਰਤੀ ਕਰਨ ਲਈ ਇੰਟਰਵਿਊ ਦੇ 5 ਨੰਬਰ ਲਗਾਉਣ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 15-7 2025 ਦੀਆਂ ਗਾਈਡ ਲਾਇਨਾਂ ਮੁਤਾਬਕ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਨਾਦਰਸਾਹੀ ਫੁਰਮਾਨ ਵਾਪਸ ਨਾ ਲਿਆ ਤਾਂ ਯੂਨੀਅਨ ਵੱਲੋਂ ਸੰਘਰਸ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਹੁਕਮ ਹੈ ਕਿ 3 ਮਹੀਨੇ ਤੋਂ ਜ਼ਿਆਦਾ ਕੋਈ ਵੀ ਆਂਗਣਵਾੜੀ ਕੇਂਦਰ ਵਰਕਰ ਜਾਂ ਹੈਲਪਰ ਤੋਂ ਖਾਲੀ ਨਾ ਰਹੇ, ਪ੍ਰੰਤੂ ਇੱਥੇ 3 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਕੇਂਦਰਾਂ ਵਿਚ ਲੋੜੀਂਦੀਆਂ ਮੁਢਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਆਗੂ ਨੇ ਕਿਹਾ ਕਿ ਜੇਕਰ ਸਰਕਾਰ ਨੇ ਭਰਤੀ ਵਿਚ ਇੰਟਰਵਿਊ ਦੇ ਨੰਬਰ ਲਗਾਉਣ ਦਾ ਫੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਮੀਟਿੰਗ ਕਰਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
- PTC NEWS