Jathedar of Takht Sri Damdama Sahib : ਬਾਬਾ ਟੇਕ ਸਿੰਘ ਧਨੌਲਾ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਹੋਈ ਤਾਜਪੋਸ਼ੀ
Jathedar of Takht Sri Damdama Sahib : ਕਰੀਬ ਇੱਕ ਮਹੀਨਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਬਾਬਾ ਟੇਕ ਸਿੰਘ ਧਨੌਲਾ ਦੀ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਬਿਨਾਂ ਕਿਸੇ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਦੇ ਅਚਾਨਕ ਤਾਜਪੋਸ਼ੀ ਕਰ ਦਿੱਤੀ ਗਈ।
ਸਿੰਘ ਸਾਹਿਬ ਬਾਬਾ ਟੇਕ ਸਿੰਘ ਨੂੰ ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ,ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਧੀਕ ਗ੍ਰੰਥੀ,ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਤੋਂ ਇਲਾਵਾ ਕੁਝ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦਸਤਾਰਾਂ ਅਤੇ ਸਿਰੋਪਾਓ ਭੇਟ ਕੀਤੇ ਜਦਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਦਸਤਾਰ ਭੇਟ ਕੀਤੀ।
ਦੱਸਣਾ ਬਣਦਾ ਹੈ ਕਿ ਬਾਬਾ ਟੇਕ ਸਿੰਘ ਧਨੌਲਾ ਦਾ ਜਨਮ 1955 ਚ ਜਿਲ੍ਹਾ ਬਠਿੰਡਾ ਦੇ ਨਾਮੀ ਪਿੰਡ ਕੋਟਸ਼ਮੀਰ ਵਿਖੇ ਮਾਤਾ ਨਿਹਾਲ ਕੌਰ ਦੀ ਕੁੱਖੋਂ ਹੋਇਆ।ਜਾਣਕਾਰੀ ਮੁਤਾਬਿਕ ਪ੍ਰਸਿੱਧ ਧਾਰਮਿਕ ਸਖਸ਼ੀਅਤ ਸੰਤ ਬਾਬਾ ਜਗਤ ਸਿੰਘ ਧਨੌਲਾ ਉਨਾਂ ਦੇ ਪਿਤਾ ਸਨ।ਉਨਾਂ ਨੇ ਦਸਵੀਂ ਤੱਕ ਦੀ ਪੜਾਈ ਸਰਕਾਰੀ ਹਾਈ ਸਕੂਲ ਕੋਟਸ਼ਮੀਰ ਤੋਂ ਕੀਤੀ ਅਤੇ ਬਾਅਦ ਚ ਪ੍ਰਸਿੱਧ ਧਾਰਮਿਕ ਸੰਸਥਾ ਗੁ:ਬੁੰਗਾ ਮਸਤੂਆਣਾ ਧਾਰਮਿਕ ਮਹਾਂ ਵਿਦਿਆਲਾ ਦਮਦਮਾ ਸਾਹਿਬ (ਤਲਵੰਡੀ ਸਾਬੋ) ਤੋਂ ਧਾਰਮਿਕ ਵਿੱਦਿਆ ਗ੍ਰਹਿਣ ਕਰਕੇ ਉਕਤ ਸੰਸਥਾ ਚ ਕਈ ਜ਼ਿੰਮੇਵਾਰੀਆਂ ਵੀ ਨਿਭਾਈਆਂ।
ਸਾਲ 1984 ਚ ਉਹ ਆਪਣੇ ਪਿਤਾ ਬਾਬਾ ਜਗਤ ਸਿੰਘ ਦੇ ਕੋਲ ਚਲੇ ਗਏ ਜੋ ਉਸ ਸਮੇਂ ਧਾਰਮਿਕ ਅਸਥਾਨ ਗੁ:ਗੁਰੂਸਰ ਪਾ:9ਵੀਂ ਧਨੌਲਾ (ਸੰਗਰੂਰ) ਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਸਨ।ਪਿਤਾ ਦੇ ਅਕਾਲ ਚਲਾਣੇ ਉਪਰੰਤ ਉਹ ਉਕਤ ਧਾਰਮਿਕ ਅਸਥਾਨ ਦੇ ਮੁੱਖ ਸੇਵਾਦਾਰ ਬਣੇ ਅਤੇ ਧਰਮ ਪ੍ਰਚਾਰ ਦੇ ਖੇਤਰ ਚ ਸਰਗਰਮ ਹੋਣ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦੇ ਚਲਦਿਆਂ ਕਰੀਬ 1993 ਚ ਉਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ।
ਲਗਭਗ 10 ਸਾਲ ਮੈਂਬਰ ਰਹਿਣ ਉਪਰੰਤ ਅਕਾਲੀ ਦਲ ਦੀ ਟਿਕਟ ਤੇ ਸ਼੍ਰੋਮਣੀ ਕਮੇਟੀ ਦੀ ਚੋਣ ਜਿੱਤ ਮੈਂਬਰ ਬਣੇ ਅਤੇ ਫਿਰ ਲਗਾਤਾਰ 14 ਸਾਲ੍ਹ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਰਹੇ।ਅੰਤ੍ਰਿਗ ਮੈਂਬਰ ਰਹਿਣ ਦੌਰਾਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਗਲਿਆਰੇ ਦੀ ਸੁੰਦਰਤਾ ਲਈ ਉਨਾਂ ਵੱਲੋਂ ਵਿਸ਼ੇਸ ਯਤਨ ਕੀਤੇ ਗਏ।
ਮੌਜੂਦਾ ਸਮੇਂ ਜਿੱਥੇ ਬਾਬਾ ਟੇਕ ਸਿੰਘ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹਨ ਉੱਥੇ ਪ੍ਰਸਿੱਧ ਧਾਰਮਿਕ ਸੰਸਥਾ ਸੰਪਰਦਾਇ ਮਸਤੂਆਣਾ ਦੇ ਮੁਖੀ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ।ਬਾਬਾ ਟੇਕ ਸਿੰਘ ਜਿੱਥੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਜ਼ਦੀਕੀ ਆਗੂਆਂ ਚ ਗਿਣੇ ਜਾਂਦੇ ਸਨ ਉੱਥੇ ਮੌਜੂਦਾ ਸਮੇਂ ਬਾਦਲ ਪਰਿਵਾਰ ਦੇ ਕਰੀਬੀਆਂ ਚ ਸ਼ੁਮਾਰ ਹਨ।
ਇਹ ਵੀ ਪੜ੍ਹੋ : Heat Wave Alert In Punjab : ਪੰਜਾਬ ਦੇ 9 ਜ਼ਿਲ੍ਹਿਆਂ ’ਚ ਅੱਤ ਦੀ ਪਵੇਗੀ ਗਰਮੀ, ਯੈਲੋ ਅਲਰਟ ਜਾਰੀ; ਜਾਣੋ ਕਦੋਂ ਪਵੇਗਾ ਮੀਂਹ
- PTC NEWS