ਬਟਾਲਾ: ਨਾਮੀ ਸੁਨਿਆਰੇ ਵੱਲੋਂ ਫਿਰੌਤੀ ਨਾ ਦੇਣ 'ਤੇ ਗੈਂਗਸਟਰਾਂ ਨੇ ਘਰ 'ਤੇ ਚਲਾਈਆਂ ਗੋਲੀਆਂ
ਬਟਾਲਾ: ਸ਼ਹਿਰ ਦੇ ਮਸ਼ਹੂਰ ਸੁਨਿਆਰੇ ਨਵੀਨ ਲੂਥਰਾ ਦੇ ਘਰ ਧਰਮਪੁਰਾ ਕਲੋਨੀ ਵਿੱਚ ਬੀਤੀ ਸਵੇਰ ਸਾਰ 2 ਵਜੇ ਦੇ ਕਰੀਬ ਤਿੰਨ ਮੋਟਰਸਾਈਕਲ ਸਵਾਰਾਂ ਵਲੋਂ ਘਰ ਦੇ ਗੇਟ ਸਾਹਮਣੇ ਖੜ੍ਹ ਕੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਸੁਨਿਆਰੇ ਨੇ 50 ਲੱਖ ਦੀ ਫਿਰੌਤੀ ਨਹੀਂ ਦਿਤੀ ਜਿਸ ਕਰਕੇ ਉਸਦੇ ਘਰ ਗੋਲੀਆਂ ਚਲਾਈਆਂ ਗਈਆਂ ਹਨ। ਘਟਨਾ ਸੀ.ਸੀ.ਟੀ.ਵੀ 'ਚ ਕੈਦ ਹੋ ਚੁੱਕੀ ਹੈ। ਇਸ ਮਾਮਲੇ 'ਚ ਗੈਂਗਸਟਰਾਂ ਵੱਲੋਂ ਦਿੱਤੀ ਧਮਕੀ ਦੀ ਆਡੀਓ ਵੀ ਸਾਹਮਣੇ ਆਈ ਹੈ, ਜਿਸ ਮਗਰੋਂ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।
ਪੀੜਤ ਸੁਨਿਆਰੇ ਨਵੀਨ ਲੂਥਰਾ ਦਾ ਕਹਿਣਾ, "ਮੈਨੂੰ ਕੁੱਝ ਦਿਨ ਪਹਿਲਾ ਹੈਰੀ ਚੱਠਾ ਨਾਮ ਦੇ ਗੈਂਗਸਟਰ ਦਾ ਫੋਨ ਆਇਆ ਸੀ, ਜਿਸ ਨੇ ਮੇਰੇ ਕੋਲੋਂ ਪੈਸੇ ਦੀ ਮੰਗ ਕੀਤੀ ਸੀ। ਜਦੋਂ ਮੈਂ ਪੈਸੇ ਨਹੀਂ ਦਿੱਤੇ ਤਾਂ ਦੋਬਾਰਾ ਮੈਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ, ਮੈਂ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ। ਜਿਸ ਮਗਰੋਂ ਮੈਨੂੰ ਇੱਕ ਸੁਰੱਖਿਆ ਕਰਮੀ ਵੀ ਦਿੱਤਾ ਗਿਆ।"
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੇ ਦੱਸਿਆ, "ਬੀਤੀ ਰਾਤ ਮੇਰੇ ਘਰ ਦੇ ਬਾਹਰ ਕੁੱਝ ਅਣਪਛਾਤਿਆਂ ਵੱਲੋਂ 6 ਗੋਲੀਆਂ ਚਲਾਈਆਂ ਗਈਆਂ, ਮੇਰੇ ਘਰ ਵਿੱਚ ਬਹੁਤ ਜਾਦਾ ਸਹਿਮ ਦਾ ਮਾਹੌਲ ਹੈ। ਪੁਲਿਸ ਅੱਗੇ ਬੇਨਤੀ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ।"
ਇਸ ਸਬੰਧ ਵਿੱਚ ਡੀ.ਐੱਸ.ਪੀ ਰਵਿੰਦਰ ਸਿੰਘ ਦਾ ਕਹਿਣਾ ਹੈ ਉਹ ਜਾਂਚ ਕਰ ਰਹੇ ਹਨ, ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਉਦੋਂ ਤੱਕ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰ ਦਿੱਤੀ ਗਈ ਹੈ।
- PTC NEWS