BBMB Scam : ਭਾਖੜਾ ਬਿਆਸ ਬੋਰਡ ਦੀ ਨੰਗਲ ਵਰਕਸ਼ਾਪ 'ਚੋਂ ਕਰੋੜਾਂ ਦੀ ਜ਼ਿੰਕ ਚੋਰੀ, ਪੰਜਾਬ ਕਾਡਰ ਦੇ ਚੀਫ਼ ਇੰਜੀਨੀਅਰ ਤੇ SDO ਸਮੇਤ 4 'ਤੇ ਡਿੱਗੀ ਗਾਜ਼
BBMB Scam News : ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੀ ਨੰਗਲ ਵਰਕਸ਼ਾਪ ਵਿੱਚੋਂ ਡਿਸਪੋਜ਼ਲ ਯਾਰਡ ਵਿੱਚ ਲਿਜਾਂਦੇ ਸਮੇਂ ਲੱਖਾਂ ਰੁਪਏ ਦੇ ਸਿੱਕਾ (ਜ਼ਿੰਕ) ਚੋਰੀ ਹੋਣ ਦੀਆਂ ਚਰਚਾਵਾਂ ਹਨ। ਮਾਮਲੇ ਵਿੱਚ ਜੇਈ ਰੈਂਕ ਦੇ ਅਧਿਕਾਰੀ ਸਮੇਤ ਕੁੱਝ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ, ਜਦੋਂਕਿ ਐਸਡੀਓ ਰੈਂਕ ਦੇ ਅਧਿਕਾਰੀ ਨੂੰ ਮੁਅੱਤਲ ਕਰਨ ਲਈ ਬੀਬੀਐਮਬੀ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਗਿਆ ਹੈ, ਜਿਸ ਦੀ ਪੁਸ਼ਟੀ ਖੁਦ ਬੀਬੀਐਮਬੀ ਦੇ ਚੀਫ਼ ਇੰਜਨੀਅਰ ਸਿੰਘ ਨੇ ਕੀਤੀ ਹੈ।
ਕਿਵੇਂ ਹੋਇਆ ਮਾਮਲੇ ਦਾ ਖੁਲਾਸਾ ?
ਜਾਣਕਾਰੀ ਅਨੁਸਾਰ ਬੀਬੀਐਮਬੀ ਦੀ ਨੰਗਲ ਵਰਕਸ਼ਾਪ ਤੋਂ ਜਿੰਕ ਦੇ 24 ਬਲਾਕ ਡਿਸਪੋਜ਼ਲ ਯਾਰਡ ਵਿੱਚ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 24 ਬਲਾਕ ਡਿਸਪੋਜ਼ਲ ਯਾਰਡ ਵਿੱਚ ਨਹੀਂ ਪੁੱਜੇ। ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਸਟੋਰ ਕੀਪਰ, ਜੇਈ ਅਤੇ ਐਸਡੀਓ ਨਾਲ ਗੱਲ ਕੀਤੀ ਗਈ ਤਾਂ ਉਹ ਇਸ ਸਬੰਧੀ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ।
ਉਪਰੰਤ, ਜਦੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਜਦੋਂ ਇਹ ਜਿੰਕ ਬਲਾਕ ਬੀਬੀਐਮਬੀ ਦੀ ਵਰਕਸ਼ਾਪ ਵਿੱਚੋਂ ਬਾਹਰ ਕੱਢੇ ਗਏ ਸਨ ਤਾਂ ਸੀਸੀਟੀਵੀ ਕੈਮਰੇ ਖਰਾਬ ਸਨ ਅਤੇ ਵਜ਼ਨ ਕਰਨ ਵਾਲਾ ਕੰਡਾ ਵੀ ਖਰਾਬ ਸੀ, ਤਾਂ ਕਿ ਇਨ੍ਹਾਂ ਜ਼ਿੰਕ ਦੇ ਰੈਕਾਂ ਦੇ ਭਾਰ ਦਾ ਪਤਾ ਨਾ ਲੱਗ ਸਕੇ। ਹੁਣ ਜਦੋਂ ਮਾਮਲੇ ਦੀ ਜਾਂਚ ਸ਼ੁਰੂ ਹੋਈ ਤਾਂ ਇਸ ਪੂਰੇ ਮਾਮਲੇ ਵਿੱਚ ਮੁਲਜ਼ਮਾਂ ਦੇ ਨਾਮ ਸਾਹਮਣੇ ਆਉਣੇ ਸ਼ੁਰੂ ਹੋਏ।
ਜੇਈ ਤੇ ਸਟੋਰਕੀਪਰ ਮੁਅੱਤਲ, ਐਸਡੀਓ ਲਈ ਬੀਬੀਐਮ ਨੂੰ ਲਿਖਿਆ ਗਿਆ ਪੱਤਰ
ਇਸ ਸਬੰਧੀ ਜਾਣਕਾਰੀ ਲੈਣ ਲਈ ਜਦੋਂ ਬੀਬੀਐਮਬੀ ਦੇ ਮੁੱਖ ਇੰਜਨੀਅਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ 30 ਜਨਵਰੀ ਨੂੰ ਲਿਆਂਦਾ ਗਿਆ ਸੀ ਕਿ ਨੰਗਲ ਵਰਕਸ਼ਾਪ ਤੋਂ ਡਿਸਪੋਜ਼ਲ ਯਾਰਡ ਵਿੱਚ ਜਿੰਕ ਦੇ 24 ਬਲਾਕ ਨਹੀਂ ਪੁੱਜੇ।
ਇਸ ਸਬੰਧੀ ਜਦੋਂ ਐਸ.ਡੀ.ਓ ਸਤਿੰਦਰ ਸਿੰਘ, ਜੇਈ ਵਿਕਾਸ ਅਤੇ ਸਟੋਰ ਕੀਪਰ ਮਨਜੀਤ ਨੂੰ ਪੁੱਛਿਆ ਗਿਆ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ਤਾਂ ਉਸੇ ਸਮੇਂ ਐਕਸੀਅਨ ਮਕੈਨੀਕਲ ਨੂੰ ਇਸ ਪੂਰੇ ਮਾਮਲੇ ਦੀ ਪੁਲਿਸ ਨੂੰ ਰਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਅਤੇ ਮਾਮਲਾ ਹੁਣ ਪੁਲਿਸ ਕੋਲ ਹੈ।
ਉਨ੍ਹਾਂ ਕਿਹਾ ਕਿ ਜੇਈ ਅਤੇ ਸਟੋਰਕੀਪਰ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ, ਇਸ ਲਈ ਉਨ੍ਹਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ ਜਦੋਂਕਿ ਐਸਡੀਓ ਨੂੰ ਮੁਅੱਤਲ ਕਰਨ ਲਈ ਬੀਬੀਐਮਬੀ ਮੈਨੇਜਮੈਂਟ ਨੂੰ ਪੱਤਰ ਲਿਖਿਆ ਗਿਆ ਹੈ।
ਮੁੱਖ ਇੰਜੀਨੀਅਰ ਦਾ ਵੀ ਹੋਇਆ ਤਬਾਦਲਾ
ਘੁਟਾਲੇ ਤੋਂ ਬਾਅਦ, ਪੰਜਾਬ ਕੇਡਰ ਦੇ ਬੀਬੀਐਮਬੀ ਦੇ ਮੁੱਖ ਇੰਜੀਨੀਅਰ ਦਾ ਤਬਾਦਲਾ ਹਿਮਾਚਲ ਪ੍ਰਦੇਸ਼ ਵਿੱਚ ਕਰ ਦਿੱਤਾ ਗਿਆ। ਸੀਪੀ ਸਿੰਘ ਦੀ ਥਾਂ 'ਤੇ, ਹਰਿਆਣਾ ਕੇਡਰ ਦੇ ਅਧਿਕਾਰੀ ਸੁਰੇਸ਼ ਕੁਮਾਰ ਯਾਦਵ ਨੂੰ ਮੁੱਖ ਇੰਜੀਨੀਅਰ, ਭਾਖੜਾ ਡੈਮ, ਬੀਬੀਐਮਬੀ, ਨੰਗਲ ਤਾਇਨਾਤ ਕੀਤਾ ਗਿਆ ਹੈ।
ਮਾਮਲੇ 'ਚ ਪੁਲਿਸ ਨੇ ਕੀ ਕਿਹਾ ?
ਦੂਜੇ ਪਾਸੇ ਜਦੋਂ ਇਸ ਸਬੰਧੀ ਜਾਣਕਾਰੀ ਲੈਣ ਲਈ ਐਸ.ਐਚ.ਓ ਰਾਹੁਲ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਮੁਲਜ਼ਮਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।
- PTC NEWS