Bhawanigarh Truck Union Case : AAP ਵਿਧਾਇਕਾ ਖਿਲਾਫ਼ ਮਨਜੀਤ ਸਿੰਘ ਕਾਕਾ ਨੇ ਲਾਏ ਗੰਭੀਰ ਦੋਸ਼, ਇਨਸਾਫ਼ ਲਈ ਵਿਰੋਧੀ ਧਿਰਾਂ ਹੋਈਆਂ ਇਕਜੁਟ
Bhawanigarh Truck Union Case : ਭਵਾਨੀਗੜ੍ਹ ਟਰੱਕ ਯੂਨੀਅਨ ਦੇ ਮਾਮਲੇ ਵਿੱਚ ਸੰਗਰੂਰ ਤੋਂ ਐਮਐਲਏ ਨਰਿੰਦਰ ਕੌਰ ਭਰਾਜ ਦੇ ਖਿਲਾਫ ਬੁੱਧਵਾਰ ਮਨਜੀਤ ਸਿੰਘ ਕਾਕਾ ਨੇ ਵੱਡੇ ਇਲਜ਼ਾਮ ਲਾਏ ਹਨ। ਆਮ ਆਦਮੀ ਪਾਰਟੀ ਦੀ ਵਿਧਾਇਕਾ ਖਿਲਾਫ਼ ਇੱਕ ਪ੍ਰੈਸ ਕਾਨਫਰੰਸ ਵਿੱਚ ਕਾਕਾ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਵਿਨਰਜੀਤ ਸਿੰਘ ਗੋਲਡੀ, ਅਤੇ ਬੀਜੇਪੀ ਤੋਂ ਅਰਵਿੰਦ ਖੰਨਾ, ਕਾਂਗਰਸ ਤੋਂ ਸੁਰਿੰਦਰ ਸੀਵੀਆ ਮੌਜੂਦ ਸਨ।
ਦੱਸ ਦਈਏ ਕਿ ਮਨਜੀਤ ਸਿੰਘ ਕਾਕਾ ਉਹ ਹੈ, ਜਿਸ ਨੇ ਭਵਾਨੀਗੜ੍ਹ ਵਿਖੇ ਟਰੱਕ ਯੂਨੀਅਨ ਦਾ ਪ੍ਰਧਾਨ ਨਾ ਬਣਨ ਤੋਂ ਬਾਅਦ ਇੱਕ ਵੀਡੀਓ ਬਣਾ ਕੇ ਨਰਿੰਦਰ ਕੌਰ ਭਰਾਜ ਦੇ ਉੱਤੇ 30 ਲੱਖ ਰੁਪਇਆ ਲੈਣ ਦੀ ਗੱਲ ਆਖੀ ਸੀ ਤੇ ਉਸ ਤੋਂ ਬਾਅਦ ਜ਼ਹਿਰ ਖਾ ਕੇ ਖੁਦ ਦੀ ਜੀਵਨਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ।
ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਕਾਕਾ ਦਾ ਕਹਿਣਾ ਹੈ ਕਿ ਨਰਿੰਦਰ ਕੌਰ ਭਰਾਜ ਨੇ ਪੈਸੇ ਲੈ ਕੇ ਉਸ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਨਹੀਂ ਬਣਾਇਆ, ਇੱਥੋਂ ਤੱਕ ਕਿ ਦੂਜੇ ਵਿਅਕਤੀ ਨੂੰ ਪ੍ਰਧਾਨ ਬਣਾ ਦਿੱਤਾ ਗਿਆ, ਜਿਸ ਤੋਂ ਵੱਧ ਪੈਸੇ ਲਿੱਤੇ ਗਏ ਹਨ। ਉਸ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨਾਂ ਦਾ ਵਿਅਕਤੀ ਵੀ ਨਰਿੰਦਰ ਕੌਰ ਭਰਾਜ ਦਾ ਹੀ ਸਾਥੀ ਹੈ। ਉਸ ਨੇ ਕਿਹਾ ਕਿ ਉਸ ਨਾਲ ਪ੍ਰਧਾਨ ਬਣਨ ਲਈ ਪੈਸਿਆਂ ਦੀ ਗੱਲ ਢਿੱਲੋਂ ਹਵੇਲੀ ਵਿੱਚ ਬੈਠ ਕੇ ਹੋਈ ਸੀ। ਉਸ ਨੇ ਕਿਹਾ ਕਿ ਉਸ ਕੋਲ ਸਬੂਤ ਵੱਜੋਂ ਮੋਬਾਈਲ ਦੀਆਂ ਸਾਰੀਆਂ ਲੋਕੇਸ਼ਨ ਹਨ, ਜਿਸ ਦੌਰਾਨ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ ਗਈ।
ਕਾਕਾ ਨੇ ਇਸ ਦੌਰਾਨ ਨਰਿੰਦਰ ਕੌਰ ਭਰਾਜ ਦੀ ਕੋਠੀ ਦੀਆਂ ਫੋਟੋਆਂ ਦਿਖਾ ਕੇ ਜਾਂਚ ਦੀ ਮੰਗ ਵੀ ਕੀਤੀ। ਉਸ ਨੇ ਕਿਹਾ ਕਿ ਮੈਂ 2014 ਤੋਂ ਆਮ ਆਦਮੀ ਪਾਰਟੀ ਦੇ ਵਿੱਚ ਨਰਿੰਦਰ ਕੌਰ ਭਰਾਜ ਨਾਲ ਕੰਮ ਕਰ ਰਿਹਾ ਹਾਂ ਅਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਦੀ ਖੁੱਲ ਕੇ ਸਪੋਰਟ ਕੀਤੀ ਸੀ, ਪਰ ਅੱਜ ਉਹ ਮੈਨੂੰ ਪਛਾਣਨ ਤੋਂ ਇਨਕਾਰ ਕਰ ਰਹੀ ਹੈ।
ਸੀਐਮ ਤੋਂ ਜਾਂਚ ਦੀ ਕੀਤੀ ਮੰਗ
ਕਾਕੇ ਦੇ ਵੀ ਇਲਜ਼ਾਮ ਹਨ ਕਿ ਟਰੱਕ ਯੂਨੀਅਨ 'ਚ ਕਰੋੜਾਂ ਦਾ ਘਪਲਾ ਹੈ, ਜਿਸ ਨੂੰ ਲੁਕਾਉਣ ਦੇ ਲਈ ਉਸਨੂੰ ਪ੍ਰਧਾਨ ਨਹੀਂ ਬਣਾਇਆ ਗਿਆ ਨਹੀਂ ਤਾਂ ਨਰਿੰਦਰ ਕੌਰ ਭਰਾ ਤੇ ਉਹਦੇ ਸਾਥੀਆਂ ਦੀ ਪੋਲ ਖੁੱਲ ਜਾਣੀ ਸੀ। ਮਨਜੀਤ ਸਿੰਘ ਕਾਕਾ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਹੈ ਕਿ ਉਸ ਨੂੰ ਜਲਦ ਇਨਸਾਫ ਦਵਾਇਆ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਵਿਨਰਜੀਤ ਸਿੰਘ ਗੋਲਡੀ ਦਾ ਕਹਿਣਾ ਹੈ ਕਿ ਅਸੀਂ ਮਨਜੀਤ ਸਿੰਘ ਕਾਕੇ ਦੇ ਬਿਲਕੁਲ ਨਾਲ ਹਾਂ ਅਤੇ ਜਦ ਤੱਕ ਇਨਸਾਫ ਨਹੀਂ ਮਿਲਦਾ ਤਦ ਤੱਕ ਸੰਘਰਸ਼ ਜਾਰੀ ਰਹੇਗਾ।
- PTC NEWS