BJP ਵਿਕਸਤ ਭਾਰਤ ਜੀ ਰਾਮ ਜੀ ਯੋਜਨਾ ਸਬੰਧੀ ਜਨ ਜਾਗਰੂਕਤਾ ਲਈ 7 ਜਨਵਰੀ ਤੋਂ ਚਲਾਏਗੀ ਅਭਿਆਨ : ਸੁਨੀਲ ਜਾਖੜ
BJP Punjab : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਪਾਰਟੀ ਗਰੀਬਾਂ ਦੇ ਹਿੱਤ ਵਿਚ ਬਣਾਈ ਗਈ ਵਿਕਸਤ ਭਾਰਤ ਜੀ ਰਾਮ ਜੀ ਯੋਜਨਾ ਸਬੰਧੀ ਜਨ ਜਾਗਰੂਕਤਾ ਲਈ 7 ਜਨਵਰੀ 2026 ਤੋਂ ਇਕ ਅਭਿਆਨ ਚਲਾਏਗੀ। ਇੱਥੋਂ ਜਾਰੀ ਬਿਆਨ ਵਿਚ ਉਨ੍ਹਾਂ ਨੇ ਕਿਹਾ ਕਿ ਇਸ ਅਭਿਆਨ ਦੀ ਸ਼ੁਰੂਆਤ ਫਾਜ਼ਿਲਕਾ ਜ਼ਿਲ੍ਹੇ ਤੋਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਹਮੇਸਾ ਹੀ ਸਭ ਦਾ ਸਾਥ, ਸਭ ਦਾ ਵਿਕਾਸ ਦੀ ਨੀਤੀ ਨਾਲ ਚੱਲਦੀ ਹੈ ਅਤੇ ਇਹ ਯੋਜਨਾ ਵੀ ਗਰੀਬਾਂ ਦੀ ਭਲਾਈ ਲਈ ਇਸੇ ਨੀਤੀ ਅਨੁਸਾਰ ਬਣਾਈ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਗਰੀਬਾਂ ਲਈ ਰੋਜਗਾਰ ਦੇ ਦਿਨਾਂ ਨੂੰ 100 ਤੋਂ ਵਧਾ ਕੇ 125 ਕੀਤਾ ਗਿਆ ਹੈ ,ਉਥੇ ਹੀ ਇਸ ਨਵੀਂ ਯੋਜਨਾ ਵਿਚ ਮਜਦੁਰਾਂ ਨੂੰ ਕੰਮ ਨਾ ਮੁਹਈਆ ਕਰਵਾਉਣ ਲਈ ਜਿੰਮੇਵਾਰੀ ਵੀ ਤੈਅ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੇ ਆਉਣ ਨਾਲ ਭ੍ਰਿਸ਼ਟਾਚਾਰ ਬੰਦ ਹੋਵੇਗਾ ਅਤੇ ਮਜਦੂਰੀ ਦੀ ਸਾਰੀ ਰਕਮ ਮਜਦੂਰਾਂ ਦੇ ਬੈਂਕ ਖਾਤਿਆਂ ਤੱਕ ਪਹੁੰਚੇਗੀ ਅਤੇ ਇਹੀ ਇਕ ਕਾਰਨ ਹੈ ਕਿ ਆਪ ਸਰਕਾਰ ਤੇ ਕਾਂਗਰਸ ਇਸ ਨਵੀਂ ਗਰੀਬ ਪੱਖੀ ਸਕੀਮ ਦਾ ਵਿਰੋਧ ਕਰਕੇ ਇਸ ਖਿਲਾਫ ਸਮਾਜ ਵਿਚ ਝੂਠ ਫੈਲਾ ਰਹੀਂਆਂ ਹਨ।
ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਵੱਲੋਂ ਇਸ ਅਭਿਆਨ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਇਸ ਗਰੀਬਾਂ ਦੇ ਕਲਿਆਣ ਲਈ ਲਿਆਂਦੀ ਯੋਜਨਾ ਖਿਲਾਫ ਫੈਲਾਏ ਜਾ ਰਹੇ ਭਰਮ ਦੇ ਢੋਲ ਦੀ ਪੋਲ ਖੋਲੀ ਜਾਵੇਗੀ ਅਤੇ ਮਜਦੂਰਾਂ ਨੂੰ ਸੱਚ ਤੋਂ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਸਮੇਂ ਦੌਰਾਨ ਮਜਦੂਰਾਂ ਨੂੰ 100 ਦਿਨ ਦਾ ਰੋਜਗਾਰ ਨਾ ਦੇਣ ਲਈ ਕਿਸੇ ਨੂੰ ਵੀ ਜਿੰਮੇਵਾਰ ਨਹੀਂ ਸੀ ਠਹਿਰਾਇਆ ਜਾਂਦਾ ਪਰ ਨਵੇਂ ਕਾਨੂੰਨ ਵਿਚ ਜਿੰਮੇਵਾਰੀ ਤੈਅ ਹੋਵੇਗੀ ਅਤੇ ਹੁਣ ਗਰੀਬਾਂ ਦਾ ਹੱਕ ਮਾਰਿਆ ਨਹੀਂ ਜਾ ਸਕੇਗਾ।
ਸੁਨੀਲ ਜਾਖੜ ਨੇ ਕਿਹਾ ਕਿ ਆਪ ਸਰਕਾਰ ਆਪਣੀਆਂ ਨਾਕਾਮੀਆਂ ਤੇ ਪਰਦੇ ਪਾਉਣ ਲਈ ਅਤੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਸ ਯੋਜਨਾ ਖਿਲਾਫ ਕੂੜ ਪ੍ਰਚਾਰ ਕਰ ਰਹੀ ਹੈ ਅਤੇ ਭਾਜਪਾ ਇਸ ਭਰਮ ਜਾਲ ਨੂੰ ਵਿਆਪਕ ਜਨ ਜਾਗਰੂਕਤਾ ਪ੍ਰੋਗਰਾਮ ਰਾਹੀਂ ਤੋੜੇਗੀ।
- PTC NEWS