Bigg Boss OTT ਸਟਾਰ ਐਲਵਿਸ਼ ਯਾਦਵ ਨੇ ਨੋਇਡਾ ਰੇਵ ਪਾਰਟੀਆਂ ਵਿੱਚ ਆਪਣੀ ਸ਼ਮੂਲੀਅਤ ਤੋਂ ਕੀਤਾ ਇਨਕਾਰ
ਨੋਇਡਾ : ਯੂਟਿਊਬਰ ਅਤੇ ਇੰਟਰਨੈੱਟ ਸਟਾਰ ਐਲਵਿਸ਼ ਯਾਦਵ ਹੁਣ ਇੱਕ ਨਵੇਂ ਮਾਮਲੇ ਵਿੱਚ ਫਸਦੇ ਨਜ਼ਰ ਆ ਰਹੇ ਹਨ। YouTuber 'ਤੇ ਜ਼ਹਿਰੀਲੇ ਸੱਪਾਂ ਦੀ ਤਸਕਰੀ ਕਰਨ ਅਤੇ ਗੈਰ-ਕਾਨੂੰਨੀ ਢੰਗ ਨਾਲ ਰੇਵ ਪਾਰਟੀ ਦਾ ਆਯੋਜਨ ਕਰਨ ਦਾ ਦੋਸ਼ ਹੈ।ਅਤੇ ਪੁਲਿਸ ਨੇ ਇਸ ਮਾਮਲੇ 'ਚ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੀਪਲਜ਼ ਫਾਰ ਐਨੀਮਲਜ਼ ਸੰਸਥਾ ਨੇ ਇਸ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਇਸ ਪੂਰੇ ਮਾਮਲੇ 'ਚ ਐਲਵਿਸ਼ ਯਾਦਵ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਦੌਰਾਨ ਉਸ ਦੇ ਖਿਲਾਫ਼ ਸੈਕਟਰ-49 ਕੋਤਵਾਲੀ 'ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਨੇ ਇਹ ਛਾਪੇਮਾਰੀ ਉੱਤਰ ਪ੍ਰਦੇਸ਼ ਦੇ ਨੋਇਡਾ ਸੈਕਟਰ 49 ਇਲਾਕੇ ਵਿੱਚ ਕੀਤੀ। ਇਸ ਛਾਪੇਮਾਰੀ ਵਿੱਚ ਪੁਲਿਸ ਨੇ ਸੱਪ ਦੇ ਜ਼ਹਿਰ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ। ਇਸ ਛਾਪੇਮਾਰੀ 'ਚ ਪੁਲਿਸ ਨੇ 5 ਤਸਕਰਾਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ ਪੁਲਿਸ ਅਤੇ ਵਨ ਵਿਭਾਗ ਦੀ ਟੀਮ ਨੇ 5 ਕੋਬਰਾ ਅਤੇ ਸੱਪਾਂ ਦਾ ਜ਼ਹਿਰ ਬਰਾਮਦ ਕੀਤਾ | ਇਸ ਦੇ ਨਾਲ ਹੀ ਨੋਇਡਾ ਦੇ ਸੈਕਟਰ 49 ਥਾਣੇ 'ਚ ਯੂਟਿਊਬਰ ਐਲਵਿਸ਼ ਯਾਦਵ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਇਨ੍ਹਾਂ ਤਸਕਰਾਂ ਨੇ ਬਿੱਗ ਬੌਸ ਦੇ ਜੇਤੂ ਐਲਵਿਸ਼ ਯਾਦਵ ਦਾ ਨਾਂਅ ਲਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਐਲਵਿਸ਼ ਦਾ ਨਾਂਅ ਵੀ ਸ਼ਾਮਲ ਕੀਤਾ।
ਪੁਲਿਸ ਨੇ ਕਾਬੂ ਕੀਤੇ ਤਸਕਰਾਂ ਕੋਲੋਂ ਪੰਜ ਕੋਬਰਾ, ਦੋ ਸਿਰ ਵਾਲੇ ਸੱਪ, ਇੱਕ ਲਾਲ ਸੱਪ ਅਤੇ ਇੱਕ ਅਜਗਰ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਪਲਾਸਟਿਕ ਦੀ ਬੋਤਲ ਵਿੱਚੋਂ 25 ਐਮਐਲ ਸੱਪ ਦਾ ਜ਼ਹਿਰ ਵੀ ਮਿਲਿਆ ਹੈ। ਇਸ ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰੀ ਸਮੇਂ ਸਮੱਗਲਰਾਂ ਕੋਲੋਂ ਬਰਾਮਦ ਹੋਏ ਇੱਕ ਥੈਲੇ ਵਿੱਚ ਕੁੱਲ 9 ਸੱਪ ਮਿਲੇ ਹਨ। ਪੁਲਿਸ ਨੇ ਤਸਕਰਾਂ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਖਿਲਾਫ਼ ਜੰਗਲੀ ਜੀਵ ਸੁਰੱਖਿਆ ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਹੈ।
ਪੁਲਿਸ ਨੇ ਦੱਸਿਆ ਕਿ ਤਸਕਰਾਂ ਨੇ 10 ਗ੍ਰਾਮ ਜ਼ਹਿਰ ਦੀ ਬੋਤਲ ਦੀ ਕੀਮਤ 1 ਲੱਖ ਰੁਪਏ ਤੋਂ ਵੱਧ ਦੱਸੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੱਪ ਦੇ ਜ਼ਹਿਰ ਦੀ ਕੀਮਤ ਕਰੋੜਾਂ ਰੁਪਏ ਹੈ। ਪੁਲਿਸ ਨੇ ਦੱਸਿਆ ਕਿ ਗਿਰੋਹ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਸੱਪ ਕਿੱਥੋਂ ਸਪਲਾਈ ਕਰਦੇ ਸਨ। ਇਸ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਨੇ ਐਲਵਿਸ਼ ਯਾਦਵ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਿਸਤੋਂ ਬਾਅਦ ਹੁਣ ਐਲਵਿਸ਼ ਯਾਦਵ ਨੇ ਵੀ ਆਪਣਾ ਪੱਖ ਰਖਦਿਆਂ ਖੁਲਾਸਾ ਕੀਤਾ। ਯਾਦਵ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ 'ਤੇ ਇੱਕ ਵੀਡੀਓ 'ਚ ਕਿਹਾ, "ਮੇਰੇ 'ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਅਤੇ ਫਰਜ਼ੀ ਹਨ। ਇਨ੍ਹਾਂ 'ਚ ਕੋਈ ਸੱਚਾਈ ਨਹੀਂ ਹੈ। ਮੈਂ ਉੱਤਰ ਪ੍ਰਦੇਸ਼ ਪੁਲਸ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ।"
ਉਸਨੇ ਅੱਗੇ ਕਿਹਾ ਕਿ ਮੈਂ ਯੂਪੀ ਪੁਲਿਸ ਨੂੰ ਇਹ ਵੀ ਕਹਿੰਦਾ ਹੈ ਕਿ ਜੇਕਰ ਇਨ੍ਹਾਂ ਦੋਸ਼ਾਂ ਵਿੱਚ ਮੇਰਾ ਇੱਕ ਪ੍ਰਤੀਸ਼ਤ ਵੀ ਹਿੱਸਾ ਆਉਂਦਾ ਹੈ। ਤਾਂ ਮੈਂ ਇਸਦੀ ਸਾਰੀ ਜ਼ਿੰਮੇਵਾਰੀ ਲੈਣ ਦੇ ਲਈ ਤਿਆਰ ਹਾਂ।
- PTC NEWS