ਚੰਡੀਗੜ੍ਹ 'ਚ AAP ਦੀ ਸਿਆਸਤ ਦੇ ਅਨੋਖੇ ਰੰਗ... ਦਿਨੇ ਭੁੱਖ ਹੜਤਾਲ, ਸ਼ਾਮ ਨੂੰ ਬਰਥਡੇ ਪਾਰਟੀ
ਚੰਡੀਗੜ੍ਹ: ਆਮ ਆਦਮੀ ਪਾਰਟੀ (AAP) ਵੱਲੋਂ ਐਤਵਾਰ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Kejriwal) ਦੀ ਗ੍ਰਿਫ਼ਤਾਰ ਦੇ ਵਿਰੋਧ 'ਚ ਵੱਖ-ਵੱਖ ਥਾਵਾਂ 'ਤੇ ਭੁੱਖ ਹੜਤਾਲ ਕੀਤੀ ਗਈ। ਪਰ ਚੰਡੀਗੜ੍ਹ (Chandigarh) 'ਚ ਪਾਰਟੀ ਦਾ ਅਨੋਖਾ ਹੀ ਰੰਗ ਵਿਖਾਈ ਦਿੱਤਾ। ਕਿਉਂਕਿ ਇਥੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਰੱਖੀ ਭੁੱਖ ਹੜਤਾਲ ਅਜੇ ਇਹ ਖਤਮ ਹੀ ਹੋਈ ਕਿ ਸ਼ਾਮ ਨੂੰ ਆਗੂਆਂ ਨੂੰ ਸਭ ਕੁੱਝ ਭੁੱਲ-ਭੁਲਾ ਕੇ ਜਨਮ ਦਿਨ ਦੀ ਪਾਰਟੀ ਮਨਾਈ ਅਤੇ ਬਰਥਡੇ ਕੇਕ ਕੱਟ ਸੁੱਟਿਆ। ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਈਡੀ ਵੱਲੋਂ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕਥਿਤ ਦਿੱਲੀ ਸ਼ਰਾਬ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤਾ ਹੋਇਆ ਹੈ, ਜਿਨ੍ਹਾਂ ਨੂੰ ਅਦਾਲਤ ਨੇ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਿਆ ਹੋਇਆ ਹੈ।
ਇਸਤੋਂ ਪਹਿਲਾਂ ਦੁਪਹਿਰ ਸਮੇਂ ਸੈਕਟਰ 17 ਪਲਾਜ਼ਾ ਵਿੱਚ ਨੀਲਮ ਸਿਨੇਮਾ ਦੇ ਸਾਹਮਣੇ ਪਾਰਟੀ ਦੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਐਸ.ਐਸ.ਆਹਲੂਵਾਲੀਆ ਅਤੇ ਸਹਿ-ਇੰਚਾਰਜ ਚੰਡੀਗੜ੍ਹ ਦੀ ਅਗਵਾਈ ਹੇਠ ਭੁੱਖ ਹੜਤਾਲ ਕੀਤੀ ਗਈ। ਸਮੂਹਿਕ ਭੁੱਖ ਹੜਤਾਲ ਦੌਰਾਨ ਚੰਡੀਗੜ੍ਹ ਦੇ ਸਮੂਹ ਕੌਂਸਲਰ ਤੇ ‘ਆਪ’ ਦੇ ਸੀਨੀਅਰ ਆਗੂ ਪ੍ਰੇਮ ਗਰਗ, ਵਿਜੇ ਪਾਲ, ਮੀਨਾ ਸ਼ਰਮਾ, ਆਭਾ ਬਾਂਸਲ, ਮੇਅਰ ਕੁਲਦੀਪ ਕੁਮਾਰ, ਕੌਂਸਲਰ ਪ੍ਰੇਮ ਲਤਾ, ਯੋਗੇਸ਼ ਢੀਂਗਰਾ, ਦਮਨਪ੍ਰੀਤ ਸਿੰਘ, ਮਨੋਵਰ, ਜਸਵਿੰਦਰ ਕੌਰ, ਅੰਜੂ ਕਤਿਆਲ, ਜਸਵੀਰ ਸਿੰਘ ਲਾਡੀ, ਸੁਮਨ ਸ਼ਰਮਾ, ਨੇਹਾ ਮੁਸਾਵਤ, ਪੂਨਮ ਕੁਮਾਰੀ ਅਤੇ ਰਾਮਚੰਦਰ ਯਾਦਵ ਸ਼ਾਮਲ ਰਹੇ।
ਹਾਲਾਂਕਿ ਸ਼ਾਮ ਨੂੰ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਦੀ ਬੱਚੀ ਦਾ ਜਨਮ ਦਿਨ ਮਨਾਇਆ ਗਿਆ। ਵੀਡੀਓ ਵਿੱਚ ਵਿਖਾਈ ਦੇ ਰਿਹਾ ਸੀ ਕਿ ਇਸ ਦੌਰਾਨ ਕਿਸੇ ਦੇ ਚਿਹਰੇ 'ਤੇ ਵੀ ਆਪ ਸੁਪਰੀਮੋ ਲਈ ਫਿਕਰਮੰਦੀ ਨਜ਼ਰ ਨਹੀਂ ਵਿਖਾਈ ਦੇ ਰਹੀ ਸੀ। ਸਾਰੇ ਬਰਥਡੇ ਦੀ ਖੁਸ਼ੀ ਮਨਾਉਂਦੇ ਵਿਖਾਈ ਦਿੱਤੀ ਅਤੇ ਤਾੜੀਆਂ ਵਜਾਉਂਦੇ ਰਹੇ। ਆਮ ਆਦਮੀ ਪਾਰਟੀ ਦੇ ਇਸ ਅਨੋਖੇ ਰੰਗ ਦੀ ਲੋਕਾਂ ਵਿੱਚ ਵੀ ਕਾਫੀ ਚਰਚਾ ਹੋ ਰਹੀ ਹੈ।
-