CWG 2026 : ਅੰਮ੍ਰਿਤਸਰ ਦੇ ਵੇਟਲਿਫ਼ਟਰ ਲਵਪ੍ਰੀਤ ਸਿੰਘ ਨੇ 110 ਕਿਲੋ ਭਾਰ ਵਰਗ 'ਚ ਚਾਂਦੀ ਦਾ ਤਗਮਾ ਜਿੱਤਿਆ
Commonwealth Games 2026 : ਕਾਮਨਵੈਲਥ ਖੇਡਾਂ 2026 ਵਿੱਚ ਭਾਰਤ ਦੀ ਝੋਲੀ ਵਿੱਚ ਇੱਕ ਹੋਰ ਤਮਗਾ ਪਿਆ ਹੈ। ਅੰਮ੍ਰਿਤਸਰ ਦੇ ਰਹਿਣ ਵਾਲੇ ਵੇਟਲਿਫਟਰ ਲਵਪ੍ਰੀਤ ਸਿੰਘ ਨੇ ਪੁਰਸ਼ਾਂ ਦੇ 110 ਪਲੱਸ ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ ਹੈ।
ਇਸ ਇਤਿਹਾਸਕ ਉਪਲਬਧੀ ਤੋਂ ਬਾਅਦ ਅੰਮ੍ਰਿਤਸਰ ਦੇ ਉਨ੍ਹਾਂ ਦੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਢੋਲ-ਨਗਾੜਿਆਂ ਨਾਲ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਆਪਣੀ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ।
ਭਾਰਤੀ ਨੇਵੀ ਦਾ ਜਵਾਨ ਹੈ ਲਵਪ੍ਰੀਤ ਸਿੰਘ
ਲਵਪ੍ਰੀਤ ਸਿੰਘ ਭਾਰਤੀ ਨੇਵੀ ਵਿੱਚ ਜਵਾਨ ਵਜੋਂ ਦੇਸ਼ ਦੀ ਸੇਵਾ ਵੀ ਨਿਭਾ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਇਸ ਉਪਲਬਧੀ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਪਿੰਡ ਦੇ ਸਰਪੰਚ ਜੁਗਰਾਜ ਸਿੰਘ ਨੇ ਕਿਹਾ ਕਿ ਲਵਪ੍ਰੀਤ ਨੇ ਆਪਣੇ ਪਰਿਵਾਰ, ਪਿੰਡ ਅਤੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਰੀਬ 10 ਤੋਂ 12 ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਲਵਪ੍ਰੀਤ ਨੇ ਇਹ ਮੁਕਾਮ ਹਾਸਲ ਕੀਤਾ ਹੈ।
'ਪੁੱਤਰ ਨੇ ਪਿਤਾ ਨਾਲ ਕੀਤਾ ਵਾਅਦਾ ਪੂਰਾ ਕੀਤਾ'
ਲਵਪ੍ਰੀਤ ਦੇ ਪਿਤਾ ਕਿਰਪਾਲ ਸਿੰਘ ਨੇ ਦੱਸਿਆ ਕਿ ਮੁਕਾਬਲੇ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਪੁੱਤਰ ਨੇ ਤਮਗਾ ਜਿੱਤ ਕੇ ਵਾਪਸ ਆਉਣ ਦਾ ਵਾਅਦਾ ਕੀਤਾ ਸੀ, ਜੋ ਉਸ ਨੇ ਪੂਰਾ ਕਰ ਦਿਖਾਇਆ। ਉਨ੍ਹਾਂ ਦੀ ਮਾਤਾ ਸੁਖਵਿੰਦਰ ਕੌਰ ਨੇ ਇਸ ਨੂੰ ਵਾਹਿਗੁਰੂ ਦੀ ਕਿਰਪਾ ਅਤੇ ਪੁੱਤਰ ਦੀ ਅਣਥੱਕ ਮਿਹਨਤ ਦਾ ਨਤੀਜਾ ਦੱਸਿਆ। ਪੂਰੇ ਪਿੰਡ ਨੂੰ ਹੁਣ ਉਮੀਦ ਹੈ ਕਿ ਲਵਪ੍ਰੀਤ ਸਿੰਘ ਭਵਿੱਖ ਵਿੱਚ ਓਲੰਪਿਕ ਵਿੱਚ ਵੀ ਭਾਰਤ ਲਈ ਤਮਗਾ ਜਿੱਤ ਕੇ ਦੇਸ਼ ਦਾ ਮਾਣ ਹੋਰ ਵਧਾਉਣਗੇ।
ਲਵਪ੍ਰੀਤ ਦੀ ਕਾਮਯਾਬੀ ਹਰ ਨੌਜਵਾਨ ਲਈ ਪ੍ਰੇਰਣਾ : ਸਰਪੰਚ
ਪਿੰਡ ਦੇ ਸਰਪੰਚ ਜੁਗਰਾਜ ਸਿੰਘ ਨੇ ਕਿਹਾ ਕਿ ਲਵਪ੍ਰੀਤ ਸਿੰਘ ਨੇ ਨਾ ਸਿਰਫ ਆਪਣੇ ਪਰਿਵਾਰ ਅਤੇ ਪਿੰਡ ਦਾ, ਸਗੋਂ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰੀਬ 10 ਤੋਂ 12 ਸਾਲਾਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਅੱਜ ਲਵਪ੍ਰੀਤ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ। ਇਹ ਪਿੰਡ ਦੇ ਹਰ ਨੌਜਵਾਨ ਲਈ ਪ੍ਰੇਰਣਾ ਹੈ ਕਿ ਇੱਕ ਸਧਾਰਨ ਪਰਿਵਾਰ ਦਾ ਬੱਚਾ ਵੀ ਸਖ਼ਤ ਮਿਹਨਤ ਅਤੇ ਲਗਨ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦਾ ਨਾਮ ਚਮਕਾ ਸਕਦਾ ਹੈ।
ਲਵਪ੍ਰੀਤ ਨੇ ਸਨੈਚ ਵਿੱਚ 176 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 212 ਕਿਲੋਗ੍ਰਾਮ, ਯਾਨੀ ਕੁੱਲ 388 ਕਿਲੋਗ੍ਰਾਮ ਭਾਰ ਚੁੱਕਿਆ। ਉਹ ਸੋਨ ਤਮਗੇ ਤੋਂ ਸਿਰਫ਼ 1 ਕਿਲੋਗ੍ਰਾਮ ਪਿੱਛੇ ਰਹਿ ਗਏ। ਨਿਊਜ਼ੀਲੈਂਡ ਦੇ ਡੇਵਿਡ ਐਂਡਰੂ ਲਿਟੀ ਨੇ ਕੁੱਲ 389 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ, ਜਦਕਿ ਇੰਗਲੈਂਡ ਦੇ ਐਂਡਰੂ ਗ੍ਰਿਫਿਥ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ।
ਅੰਮ੍ਰਿਤਸਰ ਦੇ ਸਰਹੱਦੀ ਪਿੰਡ ਬੱਲ ਸਚੰਦਰ ਦੇ ਵਸਨੀਕ ਲਵਪ੍ਰੀਤ ਸਿੰਘ ਇੱਕ ਸਾਧਾਰਣ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਦਰਜ਼ੀ ਹਨ, ਜਦਕਿ ਉਨ੍ਹਾਂ ਦੇ ਦਾਦਾ ਸਬਜ਼ੀਆਂ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ।
ਇਹ ਵੀ ਪੜ੍ਹੋ... Shaheed Udham Singh : ਕੁਝ ਇਸ ਤਰ੍ਹਾਂ ਹੈ ਸ਼ੇਰ ਸਿੰਘ ਦੇ ਸ਼ਹੀਦ ਊਧਮ ਸਿੰਘ ਬਣਨ ਦੀ ਕਹਾਣੀ...
- PTC NEWS