Tamil Nadu News : ਬੇਟੀਆਂ ਨੇ ਕੀਤਾ ਪਿਤਾ ਦਾ ਅਪਮਾਨ, ਰਿਟਾਰਡ ਫੌਜੀ ਪਿਤਾ ਨੇ ਮੰਦਰ ਨੂੰ ਦਾਨ ਕਰ ਦਿੱਤੀ 4 ਕਰੋੜ ਦੀ ਜਾਇਦਾਦ
Tamil Nadu News : ਤਾਮਿਲਨਾਡੂ ਦੇ ਤਿਰੂਵੰਨਮਲਾਈ ਜ਼ਿਲ੍ਹੇ ਦੇ ਇੱਕ ਰਿਟਾਰਡ ਫੌਜੀ ਪਿਤਾ ਨੂੰ ਉਸਦੀਆਂ ਬੇਟੀਆਂ ਨੇ ਇਸ ਹੱਦ ਤੱਕ ਅਪਮਾਨਿਤ ਕੀਤਾ ਕਿ ਉਸ ਨੇ ਆਪਣੀ 4 ਕਰੋੜ ਦੀ ਜਾਇਦਾਦ ਇੱਕ ਮੰਦਰ ਨੂੰ ਦਾਨ ਕਰ ਦਿੱਤੀ। ਉਸਦੇ ਇਸ ਕਦਮ ਤੋਂ ਬਾਅਦ ਹੁਣ ਉਸਦੀਆਂ ਬੇਟੀਆਂ ਉਸ ਜਾਇਦਾਦ ਨੂੰ ਵਾਪਸ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੀਆਂ ਹਨ। ਇਹ ਘਟਨਾ ਤਾਮਿਲਨਾਡੂ ਦੇ ਤਿਰੂਵੰਨਮਲਾਈ ਜ਼ਿਲ੍ਹੇ ਦੀ ਹੈ। ਫੌਜ ਦੇ ਸੇਵਾਮੁਕਤ ਐਸ. ਵਿਜਯਨ ਆਪਣੀਆਂ ਬੇਟੀਆਂ ਦੇ ਅਪਮਾਨ ਤੋਂ ਇੰਨੇ ਦੁਖੀ ਸਨ ਕਿ ਉਨ੍ਹਾਂ ਨੇ ਅਜਿਹਾ ਕਦਮ ਚੁੱਕਿਆ।
ਅਰੁਲਮਿਘੂ ਰੇਣੁਗੰਬਲ ਅੰਮਾਨ ਮੰਦਰ ਪ੍ਰਸ਼ਾਸਨ ਦੇ ਅਨੁਸਾਰ ਜਦੋਂ 24 ਜੂਨ ਨੂੰ ਮੰਦਰ ਦਾ ਦਾਨ ਬਾਕਸ ਖੋਲ੍ਹਿਆ ਗਿਆ ਤਾਂ ਸਿੱਕਿਆਂ ਅਤੇ ਨੋਟਾਂ ਦੇ ਨਾਲ ਇਸ ਵਿੱਚ ਦੋ ਅਸਲ ਜਾਇਦਾਦ ਦੇ ਦਸਤਾਵੇਜ਼ ਵੀ ਮਿਲੇ। ਇੱਕ ਜਾਇਦਾਦ 3 ਕਰੋੜ ਦੀ ਸੀ ਅਤੇ ਦੂਜੀ 1 ਕਰੋੜ ਦੀ ਸੀ। ਇਸ ਦੇ ਨਾਲ ਇੱਕ ਪੱਤਰ ਵੀ ਸੀ, ਜਿਸ ਵਿੱਚ ਵਿਜਯਨ ਨੇ ਸਪੱਸ਼ਟ ਤੌਰ 'ਤੇ ਲਿਖਿਆ ਸੀ ਕਿ ਉਸਨੇ ਇਹ ਜਾਇਦਾਦ ਆਪਣੀ ਮਰਜ਼ੀ ਨਾਲ ਮੰਦਰ ਨੂੰ ਸਮਰਪਿਤ ਕੀਤੀ ਹੈ।
ਮੰਦਰ ਨਾਲ ਸਾਲਾਂ ਪੁਰਾਣਾ ਸਬੰਧ
ਵਿਜਯਨ ਅਰਨੀ ਦੇ ਨੇੜੇ ਕੇਸ਼ਵਪੁਰਮ ਪਿੰਡ ਦਾ ਨਿਵਾਸੀ ਹੈ। ਉਹ ਰੇਣੂਗੰਬਲ ਅੰਮਾਨ ਦੇ ਪੱਕੇ ਭਗਤ ਮੰਨੇ ਜਾਂਦੇ ਹਨ। ਮੰਦਰ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਪਿਛਲੇ 10 ਸਾਲਾਂ ਤੋਂ ਇਕੱਲਾ ਰਹਿ ਰਿਹਾ ਸੀ। ਉਸਦੇ ਆਪਣੀ ਪਤਨੀ ਨਾਲ ਮਤਭੇਦ ਸਨ। ਹਾਲ ਹੀ ਦੇ ਮਹੀਨਿਆਂ ਵਿੱਚ ਉਸ ਦੀਆਂ ਬੇਟੀਆਂ ਉਸ 'ਤੇ ਜਾਇਦਾਦ ਸੌਂਪਣ ਲਈ ਦਬਾਅ ਪਾ ਰਹੀਆਂ ਸਨ ਅਤੇ ਰੋਜ਼ਾਨਾ ਲੋੜਾਂ ਲਈ ਵੀ ਉਸਦਾ ਅਪਮਾਨ ਕਰ ਰਹੀਆਂ ਸਨ। ਵਿਜਯਨ ਨੇ ਕਿਹਾ, "ਮੇਰੇ ਬੱਚੇ ਆਪਣੇ ਖਰਚਿਆਂ ਲਈ ਵੀ ਮੈਨੂੰ ਤਾਅਨੇ ਮਾਰਦੇ ਸਨ। ਹੁਣ ਮੈਂ ਇਹ ਜਾਇਦਾਦ ਉਸ ਦੇਵੀ ਨੂੰ ਸੌਂਪ ਰਿਹਾ ਹਾਂ ,ਜਿਸਨੇ ਮੈਨੂੰ ਜ਼ਿੰਦਗੀ ਭਰ ਤਾਕਤ ਦਿੱਤੀ।
ਕੀ ਮੰਦਰ ਦੀ ਹੋ ਜਾਵੇਗੀ ਵਿਜਯਨ ਦੀ ਜਾਇਦਾਦ ?
ਮੰਦਰ ਦੇ ਕਾਰਜਕਾਰੀ ਅਧਿਕਾਰੀ ਐਮ. ਸਿਲਮਬਰਸਨ ਨੇ ਕਿਹਾ, "ਸਿਰਫ਼ ਦਸਤਾਵੇਜ਼ਾਂ ਨੂੰ ਦਾਨ ਬਕਸੇ ਵਿੱਚ ਪਾਉਣ ਨਾਲ ਕਾਨੂੰਨੀ ਤੌਰ 'ਤੇ ਜਾਇਦਾਦ ਦਾ ਟ੍ਰਾਂਸਫਰ ਨਹੀਂ ਮੰਨਿਆ ਜਾ ਸਕਦਾ। ਜਦੋਂ ਤੱਕ ਦਾਨੀ ਰਜਿਸਟ੍ਰੇਸ਼ਨ ਵਿਭਾਗ ਨਾਲ ਸਹੀ ਢੰਗ ਨਾਲ ਰਜਿਸਟਰ ਨਹੀਂ ਕਰਦਾ, ਮੰਦਰ ਨੂੰ ਕਾਨੂੰਨੀ ਅਧਿਕਾਰ ਨਹੀਂ ਮਿਲਣਗੇ। ਇਸ ਲਈ ਹੁਣ ਲਈ ਇਹ ਦਸਤਾਵੇਜ਼ ਹਿੰਦੂ ਧਾਰਮਿਕ ਅਤੇ ਚੈਰੀਟੇਬਲ ਐਂਡੋਮੈਂਟਸ ਵਿਭਾਗ ਕੋਲ ਸੁਰੱਖਿਅਤ ਰੱਖੇ ਗਏ ਹਨ। ਸੀਨੀਅਰ ਅਧਿਕਾਰੀ ਫੈਸਲਾ ਕਰਨਗੇ ਕਿ ਉਨ੍ਹਾਂ ਨੂੰ ਕਿਵੇਂ ਅੱਗੇ ਵਧਾਇਆ ਜਾਵੇ।
ਕਿਹੜੀਆਂ ਜਾਇਦਾਦਾਂ ਦਾਨ ਕੀਤੀਆਂ ਜਾਂਦੀਆਂ ਹਨ?
ਮੰਦਰ ਦੇ ਅਧਿਕਾਰੀਆਂ ਅਨੁਸਾਰ ਦਾਨ ਕੀਤੀਆਂ ਜਾਇਦਾਦਾਂ ਵਿੱਚੋਂ 10 ਸੈਂਟ ਜ਼ਮੀਨ ਮੰਦਰ ਦੇ ਨੇੜੇ ਸਥਿਤ ਹੈ। ਇੱਕ ਮੰਜ਼ਿਲਾ ਘਰ, ਜਿਸਦੀ ਕੀਮਤ ਲਗਭਗ 4 ਕਰੋੜ ਰੁਪਏ ਹੈ।
ਧੀਆਂ ਜਾਇਦਾਦ ਵਾਪਸ ਪ੍ਰਾਪਤ ਕਰਨ ਦੀ ਕਰ ਰਹੀਆਂ ਹਨ ਕੋਸ਼ਿਸ਼
ਹੁਣ ਜਦੋਂ ਮਾਮਲਾ ਜਨਤਕ ਹੋ ਗਿਆ ਹੈ, ਵਿਜਯਨ ਦੀਆਂ ਧੀਆਂ ਕਥਿਤ ਤੌਰ 'ਤੇ ਜਾਇਦਾਦ ਵਾਪਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਵਿਜਯਨ ਨੇ ਸਪੱਸ਼ਟ ਤੌਰ 'ਤੇ ਕਿਹਾ, "ਮੈਂ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਾਂਗਾ। ਮੈਂ ਮੰਦਰ ਨਾਲ ਗੱਲ ਕਰਕੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਾਂਗਾ।"
- PTC NEWS