America VS India : ਹੁਣ ਅਮਰੀਕਾ ਨੇ ਭਾਰਤ ਨੂੰ ਮਿਲਣ ਵਾਲੀ 1.82 ਅਰਬ ਦੀ ਮਦਦ ਵੀ ਕੀਤੀ ਬੰਦ, ਜਾਣੋ ਹੁਣ ਕੀ ਪਵੇਗਾ ਭਾਰਤ ’ਤੇ ਅਸਰ
America VS India : ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਬਜਟ ਵਿੱਚ ਕਟੌਤੀਆਂ 'ਤੇ ਸਖ਼ਤੀ ਨਾਲ ਕੰਮ ਕਰ ਰਹੀ ਹੈ। ਇਸ ਸਬੰਧ ਵਿੱਚ, ਅਮਰੀਕਾ ਨੇ ਭਾਰਤ ਨੂੰ ਦਿੱਤੀ ਜਾਣ ਵਾਲੀ ਕਰੋੜਾਂ ਡਾਲਰ ਦੀ ਰਕਮ 'ਤੇ ਰੋਕ ਲਗਾ ਦਿੱਤੀ ਹੈ। ਐਲੋਨ ਮਸਕ ਦੇ ਸਰਕਾਰੀ ਕੁਸ਼ਲਤਾ ਵਿਭਾਗ ਯਾਨੀ ਡੀਓਜੀਈ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਨੇ ਭਾਰਤ ਵਿੱਚ ਵੋਟਰਾਂ ਦੀ ਗਿਣਤੀ ਵਧਾਉਣ ਲਈ ਤਿਆਰ ਕੀਤੇ ਗਏ 21 ਮਿਲੀਅਨ ਡਾਲਰ ਦੇ ਪ੍ਰੋਗਰਾਮ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਡੋਨਾਲਡ ਟਰੰਪ ਨੇ ਸਰਕਾਰੀ ਖਰਚਿਆਂ ਵਿੱਚ ਕਟੌਤੀ ਕਰਨ ਲਈ ਇੱਕ ਨਵਾਂ ਵਿਭਾਗ ਬਣਾਇਆ ਹੈ। ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੀਐਂਸੀ (DOGE) ਨਾਮ ਦਾ ਇਹ ਵਿਭਾਗ ਅਮਰੀਕੀ ਸਰਕਾਰ ਦੇ ਖਰਚਿਆਂ ਵਿੱਚ ਚੋਣਵੇਂ ਤੌਰ 'ਤੇ ਕਟੌਤੀ ਕਰ ਰਿਹਾ ਹੈ। ਟਰੰਪ ਨੇ ਟੇਸਲਾ ਦੇ ਮਾਲਕ ਐਲੋਨ ਮਸਕ ਨੂੰ ਇਸ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਹੈ। ਐਲੋਨ ਮਸਕ ਦੁਨੀਆ ਭਰ ਵਿੱਚ ਹਰ ਇੱਕ ਅਮਰੀਕੀ ਖਰਚੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਅਤੇ ਅਸੀਂ ਆਪਣੀ ਸਰਕਾਰ ਦੀਆਂ ਨੀਤੀਆਂ ਅਨੁਸਾਰ ਇਸ 'ਤੇ ਫੈਸਲੇ ਲੈ ਰਹੇ ਹਨ।
ਮਸਕ ਦੀ ਅਗਵਾਈ ਵਾਲੇ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੀਐਂਸੀ ਨੇ ਐਕਸ 'ਤੇ ਐਲਾਨ ਕੀਤਾ, "ਅਮਰੀਕੀ ਟੈਕਸਦਾਤਾਵਾਂ ਦਾ ਪੈਸਾ ਹੇਠ ਲਿਖੀਆਂ ਚੀਜ਼ਾਂ 'ਤੇ ਖਰਚ ਕੀਤਾ ਜਾਣਾ ਸੀ, ਜਿਨ੍ਹਾਂ ਸਾਰਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ।"
ਇਹ ਫੈਸਲਾ ਅੰਤਰਰਾਸ਼ਟਰੀ ਸਹਾਇਤਾ ਵਿੱਚ ਵਿਆਪਕ ਕਟੌਤੀਆਂ ਦਾ ਹਿੱਸਾ ਹੈ ਜੋ ਚੋਣ ਪ੍ਰਕਿਰਿਆਵਾਂ ਅਤੇ ਰਾਜਨੀਤਿਕ ਸਥਿਰਤਾ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਕੀਤੇ ਜਾਣ ਵਾਲੇ ਮੁੱਖ ਯਤਨਾਂ ਨੂੰ ਪ੍ਰਭਾਵਤ ਕਰੇਗਾ।
ਦੱਸਣਯੋਗ ਹੈ ਕਿ ਏਲੋਨ ਮਸਕ ਨੇ ਵਾਰ-ਵਾਰ ਕਿਹਾ ਹੈ ਕਿ ਬਜਟ ਵਿੱਚ ਕਟੌਤੀ ਤੋਂ ਬਿਨਾਂ "ਅਮਰੀਕਾ ਦੀਵਾਲੀਆ ਹੋ ਜਾਵੇਗਾ" ਅਤੇ ਇਹ ਪਹਿਲ ਪ੍ਰਸ਼ਾਸਨ ਦੀਆਂ ਵਿਆਪਕ ਬਜਟ ਓਵਰਹਾਲ ਯੋਜਨਾਵਾਂ ਦੇ ਅਨੁਕੂਲ ਜਾਪਦੀ ਹੈ।
ਕਾਬਿਲੇਗੌਰ ਹੈ ਕਿ ਅਮਰੀਕਾ ਦੇਸ਼ ਦੀਆਂ ਚੋਣਾਂ ਵਿੱਚ ਵੋਟਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਨੂੰ 1 ਅਰਬ 82 ਕਰੋੜ ਰੁਪਏ (21 ਮਿਲੀਅਨ ਡਾਲਰ) ਦਿੰਦਾ ਸੀ। ਪਰ ਹੁਣ ਭਾਰਤ ਨੂੰ ਇਹ ਫੰਡਿੰਗ ਨਹੀਂ ਮਿਲੇਗੀ।
ਜ਼ਿਕਰਯੋਗ ਹੈ ਕਿ ਇਹ ਐਲਾਨ ਡੋਨਾਲਡ ਟਰੰਪ ਦੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਕੁਝ ਦਿਨ ਬਾਅਦ ਹੀ ਕੀਤਾ ਗਿਆ ਹੈ। ਇਸ ਮੁਲਾਕਾਤ ਦੌਰਾਨ, ਦੋਵਾਂ ਨੇਤਾਵਾਂ ਨੇ ਅਮਰੀਕਾ-ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਐਲਾਨ ਕੀਤੇ।
- PTC NEWS