Faridkot News : ਬਾਬਾ ਸ਼ੇਖ ਫ਼ਰੀਦ ਦੇ ਆਗਮਨ ਪੁਰਬ ਦੀ ਸਮਾਪਤੀ , ਬਾਬਾ ਫ਼ਰੀਦ ਸੁਸਾਇਟੀ ਵੱਲੋਂ 2 ਸ਼ਖ਼ਸੀਅਤਾਂ ਨੂੰ ਕੀਤਾ ਗਿਆ ਸਨਮਾਨਿਤ
Faridkot News : ਫ਼ਰੀਦਕੋਟ ਵਿੱਚ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੇ ਖੁਸ਼ੀ 'ਚ ਪੰਜ ਰੋਜ਼ਾ ਧਾਰਮਿਕ ਮੇਲੇ ਦਾ ਅੱਜ ਆਖਰੀ ਦਿਨ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ,ਜੋ ਗੁਰਦੁਆਰਾ ਮਾਈ ਗੋਡੀ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ। ਜਿੱਥੇ ਸ਼ੁਕਰਾਨੇ ਦੀ ਅਰਦਾਸ ਨਾਲ ਇਸ ਧਾਰਮਿਕ ਮੇਲੇ ਦੀ ਸਮਾਪਤੀ ਕੀਤੀ ਗਈ।
ਸਮਾਪਤੀ ਉਪਰੰਤ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਬਾਬਾ ਫਰੀਦ ਸੁਸਾਇਟੀ ਵੱਲੋਂ ਦੋ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਪਹਿਲਾ ਐਵਾਰਡ ਹੜਾਂ ਦੌਰਾਨ ਹੜ੍ਹ ਪੀੜਤ ਖੇਤਰਾਂ ਵਿੱਚ 100 ਦੇ ਕਰੀਬ ਕਿਸ਼ਤੀਆਂ ਦਾਨ ਕਰਨ ਵਾਲੇ ਪ੍ਰਿਤਪਾਲ ਸਿੰਘ ਹੰਸਪਾਲ ਵਾਸੀ ਕਪੂਰਥਲਾ ਨੂੰ 'ਮਨੁੱਖਤਾ ਦੀ ਸੇਵਾ ਐਵਾਰਡ' ਦਿੱਤਾ ਗਿਆ ਹੈ,ਨਾਲ ਹੀ 2 ਲੱਖ ਰੁਪਏ ਨਕਦੀ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ।
ਓਧਰ ਦੂਜਾ ਅਵਾਰਡ ਜੋ ਬਾਬਾ ਫਰੀਦ ਸੁਸਾਇਟੀ ਦੇ ਫਾਊਂਡਰ ਇੰਦਰਜੀਤ ਸਿੰਘ ਖਾਲਸਾ ਦੀ ਯਾਦ ਵਿੱਚ‘ਮਰਹੂਮ ਇੰਦਰਜੀਤ ਸਿੰਘ ਖ਼ਾਲਸਾ ਯਾਦਗਾਰੀ ਐਵਾਰਡ’ ਸ਼ੂਟਿੰਗ ਰੇਂਜ ਦੀ ਕੌਮਾਂਤਰੀ ਖਿਡਾਰਨ ਤੇ ਗੋਲ੍ਡ ਮੈਡਲਿਸਟ ਸਿਫਤ ਕੌਰ ਸਿਮਰਾ ਨੂੰ ਦਿੱਤਾ ਗਿਆ ,ਜਿਸ ਨੂੰ ਇੱਕ ਲੱਖ ਰੁਪਏ ਨਕਦੀ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ।
ਦੱਸਣਯੋਗ ਹੈ ਕਿ ਸਿਫਤ ਕੌਰ ਸਮਰਾ ਨੇ ਮਿਲੀ ਇਹ ਇਨਾਮੀ ਰਾਸ਼ੀ ਗੁਰਦੁਆਰਾ ਸਾਹਿਬ ਦੀ ਸੇਵਾ ਲਈ ਹੀ ਦਾਨ ਕਰ ਦਿੱਤੀ ਗਈ। ਇਸ ਮੌਕੇ ਭਾਈ ਪ੍ਰਿਤਪਾਲ ਸਿੰਘ ਹੰਸਪਾਲ ਨੇ ਕਿਹਾ ਕਿ ਉਹਨਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੂੰ ਉਹਨਾਂ ਦੀ ਕੀਤੀ ਹੋਈ ਸੇਵਾ ਲਈ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਨੇ ਕਦੀ ਵੀ ਨਹੀਂ ਸੋਚਿਆ ਸੀ ਕਿ ਉਹ ਇਸ ਤਰ੍ਹਾਂ ਦੀ ਸੇਵਾ ਨਿਭਾ ਸਕਣਗੇ ਪਰ ਪਰਮਾਤਮਾ ਵੱਲੋਂ ਹੋਈ ਕਿਰਪਾ ਬਾਅਦ ਉਹਨਾਂ ਵੱਲੋਂ ਇਹ ਕਾਰਜ ਕੀਤਾ ਗਿਆ।
ਉਧਰ ਸੋਸਾਇਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਸੇਖੋ ਨੇ ਕਿਹਾ ਕਿ ਦੋਨਾਂ ਐਵਾਰਡਾਂ ਲਈ ਜਿਨਾਂ ਸ਼ਖਸ਼ੀਅਤਾਂ ਦੀ ਚੋਣ ਕੀਤੀ ਗਈ ਸੀ ,ਉਹ ਕਮੇਟੀ ਵੱਲੋਂ ਬਹੁਤ ਹੀ ਲੰਬੇ ਸੋਚ ਵਿਚਾਰ ਤੋਂ ਬਾਅਦ ਫੈਸਲਾ ਲੈਣ ਤੋਂ ਬਾਅਦ ਕੀਤੀ ਗਈ ਸੀ ,ਜਿਨਾਂ ਨੂੰ ਅੱਜ ਸਨਮਾਨਿਤ ਕਰਦੇ ਹੋਏ ਸੁਸਾਇਟੀ ਆਪਣੇ ਆਪ ਨੂੰ ਵਡਭਾਗਾ ਸਮਝਦੀ ਹੈ।
ਦੱਸਣਯੋਗ ਹੈ ਕਿ ਇਸ ਮੇਲੇ ਦੇ ਅੰਤਿਮ ਦਿਨ ਬਾਬਾ ਫਰੀਦ ਜੀ ਦੇ ਗੱਦੀ ਨਸ਼ੀਨ ਵਾਰਸ ਵਿੱਚੋਂ ਖਵਾਜਾ ਸਲੀਮ ਫਰੀਦੀ ਜੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨ ਲਈ ਪਹੁੰਚੇ। ਉਹਨਾਂ ਦੱਸਿਆ ਕਿ ਗੁਰਦੁਆਰਾ ਮਾਈ ਗੋੜੀ ਸਾਹਿਬ ਦੀ 1980 ਵਿੱਚ ਉਹਨਾਂ ਦੇ ਪਿਤਾ ਜੀ ਖਵਾਜਾ ਫਰੀਦੀ ਵੱਲੋਂ ਨੀਹ ਪੱਥਰ ਰੱਖਿਆ ਗਿਆ ਸੀ ,ਜਿਸ ਵੇਲੇ ਇਸ ਜਗ੍ਹਾ 'ਤੇ ਉਜਾੜ ਬੀਆਬਾਨ ਸੀ ਪਰ ਹੁਣ ਇਸ ਜਗ੍ਹਾ 'ਤੇ ਇੱਕ ਵਿਸ਼ਾਲ ਗੁਰਦੁਆਰਾ ਸਥਾਪਿਤ ਕੀਤਾ ਗਿਆ ,ਜਿੱਥੇ ਹਰ ਧਰਮ ਦੇ ਲੋਕ ਆ ਕੇ ਨਤਮਸਤਕ ਹੁੰਦੇ ਹਨ ,ਜਿਸ ਨੂੰ ਦੇਖ ਕੇ ਬਹੁਤ ਖੁਸ਼ੀ ਮਿਲਦੀ ਹੈ ਕਿ ਅੱਜ ਵੀ ਸਾਰੇ ਧਰਮਾਂ ਦਾ ਆਪਸੀ ਭਾਈਚਾਰਾ ਰਲ ਕੇ ਇਸ ਆਗਮਨ ਪੂਰਵ ਮੇਲੇ ਨੂੰ ਮਨਾਉਂਦਾ ਹੈ।
- PTC NEWS