Khet Majdoor Union : ਖੇਤ ਮਜ਼ਦੂਰ ਯੂਨੀਅਨ ਵੱਲੋਂ 12 ਨੂੰ ਟਰੇਡ ਯੂਨੀਅਨਾਂ ਦੀ ਹੜਤਾਲ ਦਾ ਸਮਰਥਨ, ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਐਲਾਨ
Trade Union Strike on 12 February : ਪੰਜਾਬ ਖੇਤ ਮਜ਼ਦੂਰ ਯੂਨੀਅਨ (Punjab Khet Mazdoor Union) ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਦੀ ਪ੍ਰਧਾਨਗੀ ਹੇਠ ਹੋਈ ਜਥੇਬੰਦੀ ਦੀ ਹੋਈ ਸੂਬਾ ਕਮੇਟੀ ਮੀਟਿੰਗ ਦੌਰਾਨ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 12 ਫਰਵਰੀ ਨੂੰ ਨਿੱਜੀਕਰਨ ਅਤੇ ਮਜ਼ਦੂਰ ਵਿਰੋਧੀ ਕਿਰਤ ਕਾਨੂੰਨਾਂ ਖ਼ਿਲਾਫ਼ ਕੀਤੀ ਜਾ ਰਹੀ ਹੜਤਾਲ ਦੌਰਾਨ ਵੱਡੀ ਗਿਣਤੀ ਚ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ। ਇਹ ਜਾਣਕਾਰੀ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਜ਼ਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।
ਉਹਨਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਐਸਕੇਐਮ ਅਤੇ ਮਜ਼ਦੂਰ ਮੁਲਾਜ਼ਮ, ਠੇਕਾ ਕਾਮਿਆਂ ਅਤੇ ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿੱਲ 2025 ਅਤੇ ਮਨਰੇਗਾ ਦੀ ਥਾਂ ਲਿਆਂਦੇ ਮਜ਼ਦੂਰ ਦੋਖੀ ਜੀ ਰਾਮ ਜੀ ਕਾਨੂੰਨ ਰੱਦ ਕਰਨ, ਨਿੱਜੀਕਰਨ ਤੇ ਪੰਚਾਇਤੀਕਰਨ ਦੀਆਂ ਨੀਤੀਆਂ ਰੱਦ ਕਰਕੇ ਸਭਨਾਂ ਵਿਭਾਗਾਂ 'ਚ ਪੱਕੀ ਭਰਤੀ ਦੀ ਨੀਤੀ ਲਾਗੂ ਕਰਨ, ਦੇਸ਼ ਵਿਰੋਧੀ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਨ ਅਤੇ ਜਨਤਕ ਅਦਾਰਿਆਂ ਦੀਆਂ ਜਾਇਦਾਦਾਂ ਵੇਚਣ ਵਰਗੇ ਲੋਕ ਦੋਖੀ ਕਦਮਾਂ ਖਿਲਾਫ 22 ਫਰਵਰੀ ਨੂੰ ਬੀ ਜੇ ਪੀ ਅਤੇ ਆਪ ਸਰਕਾਰ ਦੇ ਮੰਤਰੀਆਂ ਵਿਧਾਇਕਾਂ ਤੇ ਪ੍ਰਮੁੱਖ ਆਗੂਆਂ ਦੇ ਘਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਦੀ ਸਫਲਤਾ ਲਈ ਵਿਉਂਤਬੰਦੀ ਕੀਤੀ ਗਈ।
ਉਹਨਾਂ ਦੱਸਿਆ ਕਿ ਇਹਨਾਂ ਧਰਨਿਆਂ 'ਚ ਖੇਤ ਮਜ਼ਦੂਰਾਂ ਦੀ ਭਰਵੀਂ ਸ਼ਮੂਲੀਅਤ ਕਰਾਉਣ ਲਈ ਪਿੰਡ - ਪਿੰਡ ਮੀਟਿੰਗਾਂ ਰੈਲੀਆਂ ਕਰਨ ਤੋਂ ਇਲਾਵਾ 13 ਤੋਂ 20 ਫਰਵਰੀ ਤੱਕ ਸਥਾਨਕ ਪੱਧਰਾਂ 'ਤੇ ਵਿਰੋਧ ਪ੍ਰਦਰਸ਼ਨ ਵੀ ਕੀਤੇ ਜਾਣਗੇ। ਮੀਟਿੰਗ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਸੌਂਧਾ ਦੇ ਨੌਜਵਾਨ ਮਜ਼ਦੂਰ ਨੂੰ ਉੱਚ ਜਾਤੀ ਹੰਕਾਰ 'ਚ ਡੁੱਬੇ ਅਨਸਰਾਂ ਵੱਲੋਂ ਕੁੱਟ ਕੁੱਟ ਕੇ ਕਤਲ ਕਰਨ ਦੀ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਤੇ ਪੀੜਤ ਪਰਿਵਾਰ ਨੂੰ ਐਸ ਸੀ ਐਸ ਟੀ ਐਕਟ ਤਹਿਤ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਗਈ।
ਆਗੂਆਂ ਨੇ ਇੱਕ ਵਿਸ਼ੇਸ਼ ਮਤੇ ਰਾਹੀਂ ਬੀਤੇ ਕੱਲ੍ਹ ਭਗਵੰਤ ਮਾਨ ਸਰਕਾਰ ਦੇ ਹੁਕਮਾਂ 'ਤੇ ਪੁਲਿਸ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਦਰਸ਼ਨ ਨੂੰ ਸਾਬੋਤਾਜ ਕਰਨ ਲਈ ਕਿਸਾਨਾਂ ਉਤੇ ਲਾਠੀਚਾਰਜ ਕਰਨ, ਅੱਥਰੂ ਗੈਸ ਦੇ ਗੋਲੇ ਦਾਗਣ, ਸੈਂਕੜੇ ਕਿਸਾਨਾਂ ਨੂੰ ਗਰਿਫ਼ਤਾਰ ਕਰਨ, ਦੋ ਸੌ ਦੇ ਕਰੀਬ ਕਿਸਾਨਾਂ ਤੇ ਕੇਸ ਦਰਜ ਕਰਨ ਅਤੇ ਮੁੱਖ ਸੜਕਾਂ ਉੱਤੇ ਪੁਲਿਸ ਵੱਲੋਂ ਵੱਡੀਆਂ ਰੋਕਾਂ ਖੜ੍ਹੀਆਂ ਕਰਨ ਦੀ ਸਖ਼ਤ ਨਿੰਦਾ ਕਰਦਿਆਂ ਇਸ ਕਾਰਵਾਈ ਨੂੰ ਗੈਰ ਜਮਹੂਰੀ ਕਰਾਰ ਦਿੱਤਾ ਗਿਆ। ਮੀਟਿੰਗ ਵਿੱਚ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਮੇਜ਼ਰ ਸਿੰਘ ਕਾਲੇਕੇ, ਗੁਰਪਾਲ ਸਿੰਘ ਨੰਗਲ ਤੇ ਹਰਭਗਵਾਨ ਸਿੰਘ ਮੂਣਕ ਵੀ ਮੌਜੂਦ ਸਨ।
- PTC NEWS