'ਆਪ' ਨੇ ਪੰਜਾਬ ਨੂੰ ਨਸ਼ਿਆਂ ਅਤੇ ਕਰਜ਼ੇ ਦੀ ਦਲਦਲ 'ਚ ਧੱਕਿਆ; NDA ਸੱਤਾ 'ਚ ਆ ਕੇ ਕਰੇਗਾ ਮਾਫੀਆ ਦਾ ਸਫਾਇਆ : ਮਨਜਿੰਦਰ ਸਿੰਘ ਸਿਰਸਾ
Punjab Election News : ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ, ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ਅਤੇ ਵਿਰੋਧੀ ਧਿਰਾਂ ਦੀਆਂ ਨੀਤੀਆਂ ’ਤੇ ਤਿੱਖੇ ਹਮਲੇ ਕੀਤੇ। ਸ. ਸਿਰਸਾ ਨੇ ਪੰਜਾਬ ਦੀ ਵਿਗੜਦੀ ਅਮਨ-ਕਾਨੂੰਨ ਦੀ ਸਥਿਤੀ, ਵਧ ਰਹੇ ਨਸ਼ਿਆਂ, ਬੇਲਗਾਮ ਕਰਜ਼ੇ ਅਤੇ ਗੈਂਗਸਟਰਵਾਦ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਮੌਜੂਦਾ ਸਰਕਾਰ ਨੂੰ ਹਰ ਮੁਹਾਜ਼ ’ਤੇ ਨਾਕਾਮ ਕਰਾਰ ਦਿੱਤਾ।
ਨਸ਼ਿਆਂ ਦਾ ਵਧਦਾ ਕਹਿਰ ਅਤੇ ਅਮਨ-ਕਾਨੂੰਨ ਦੀ ਮਾੜੀ ਹਾਲਤ
ਪ੍ਰੈਸ ਕਾਨਫਰੰਸ ਦੌਰਾਨ ਸ. ਸਿਰਸਾ ਨੇ ਦੋਸ਼ ਲਗਾਇਆ ਕਿ ਅਰਵਿੰਦ ਕੇਜਰੀਵਾਲ ਦੀਆਂ ਗਲਤ ਨੀਤੀਆਂ ਨੇ ਹੱਸਦੇ-ਵੱਸਦੇ ਪੰਜਾਬ ਨੂੰ ਨਸ਼ਿਆਂ ਦੀ ਅੱਗ ਵਿੱਚ ਝੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਨਸ਼ਾ ਘਰ-ਘਰ ਅਤੇ ਸਕੂਲਾਂ-ਕਾਲਜਾਂ ਤੱਕ ਪਹੁੰਚ ਚੁੱਕਾ ਹੈ। ਸੂਬੇ ਵਿੱਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦਾ ਬੋਲਬਾਲਾ ਹੈ ਅਤੇ ਸ਼ਰੇਆਮ ਫਿਰੌਤੀਆਂ (ਐਕਸਟੋਰਸ਼ਨ) ਵਸੂਲੀਆਂ ਜਾ ਰਹੀਆਂ ਹਨ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਜੋ ਲੋਕ ਨਸ਼ਿਆਂ ਵਿਰੁੱਧ ਆਵਾਜ਼ ਚੁੱਕਦੇ ਹਨ, ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸੂਬੇ ਵਿੱਚ ਪੁਲਿਸ ਦੀ ਸੁਰੱਖਿਆ ’ਤੇ ਸਵਾਲ ਚੁੱਕਦਿਆਂ ਸ. ਸਿਰਸਾ ਨੇ ਤਰਨਤਾਰਨ ਵਿਖੇ ਏ.ਐਸ.ਆਈ. ਇਕਬਾਲ ਸਿੰਘ ਦੀ ਹੱਤਿਆ, ਸਰਪੰਚ ਮਨਜੀਤ ਕੌਰ ਦੇ ਪਰਿਵਾਰ ’ਤੇ ਹੋਏ ਹਮਲੇ ਅਤੇ ਲੁਧਿਆਣਾ ਵਿੱਚ ਹੋਏ ਰਾਹੁਲ ਸ਼ਰਮਾ ਕਤਲ ਕੇਸ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਸੂਬੇ ਦੇ ਰਖਵਾਲੇ ਹੀ ਸੁਰੱਖਿਅਤ ਨਹੀਂ ਹਨ, ਤਾਂ ਆਮ ਨਾਗਰਿਕਾਂ ਦੀ ਸੁਰੱਖਿਆ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਦੇ ਅੰਕੜਿਆਂ ’ਤੇ ਚੁੱਕੇ ਸਵਾਲ
‘ਆਪ’ ਸਰਕਾਰ ਵੱਲੋਂ 632 ਦਿਨਾਂ ਵਿੱਚ 94,746 ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿੱਚ ਡੱਕਣ ਦੇ ਦਾਅਵੇ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਸ. ਸਿਰਸਾ ਨੇ ਅੰਕੜਿਆਂ ਸਮੇਤ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਦੀ ਕੁੱਲ ਸਮਰੱਥਾ ਹੀ ਲਗਭਗ 26,000 ਕੈਦੀਆਂ ਦੀ ਹੈ, ਫਿਰ ਇੰਨੇ ਵੱਡੇ ਪੱਧਰ ’ਤੇ ਤਸਕਰ ਕਿੱਥੇ ਰੱਖੇ ਗਏ? ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵੱਲੋਂ ਜਾਣਬੁੱਝ ਕੇ ਛੋਟੇ ਅਤੇ ਕਮਜ਼ੋਰ ਮਾਮਲੇ ਦਰਜ ਕੀਤੇ ਜਾਂਦੇ ਹਨ ਤਾਂ ਜੋ ਤਸਕਰਾਂ ਨੂੰ ਆਸਾਨੀ ਨਾਲ ਜ਼ਮਾਨਤ ਮਿਲ ਸਕੇ। ਜੇਕਰ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਹੋਣ ਤਾਂ ਕੋਈ ਵੀ ਤਸਕਰ ਬਾਹਰ ਨਾ ਆ ਸਕੇ।
ਪੰਜਾਬ ਸਿਰ 5 ਲੱਖ ਕਰੋੜ ਦਾ ਕਰਜ਼ਾ
ਸੂਬੇ ਦੀ ਆਰਥਿਕ ਹਾਲਤ ’ਤੇ ਬੋਲਦਿਆਂ ਸ. ਸਿਰਸਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਿਛਲੇ 70 ਸਾਲਾਂ ਵਿੱਚ ਪੰਜਾਬ ਸਿਰ ਲਗਭਗ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ, ਪਰ ਮੌਜੂਦਾ ਸਰਕਾਰ ਦੀਆਂ ਮਾੜੀਆਂ ਵਿੱਤੀ ਨੀਤੀਆਂ ਕਾਰਨ ਇਹ ਕਰਜ਼ਾ ਦੁੱਗਣਾ ਹੋ ਕੇ 5 ਲੱਖ ਕਰੋੜ ਰੁਪਏ ਦੇ ਕਰੀਬ ਪਹੁੰਚ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਇੰਨਾ ਪੈਸਾ ਆਖਿਰ ਕਿੱਥੇ ਖਰਚਿਆ ਜਾ ਰਿਹਾ ਹੈ?
8 ਦਸੰਬਰ ਦੀ ਮੋਗਾ ਰੈਲੀ ਅਤੇ 2027 ਦਾ ਮਿਸ਼ਨ
ਆਉਣ ਵਾਲੀ ਸਿਆਸੀ ਰਣਨੀਤੀ ਦਾ ਖੁਲਾਸਾ ਕਰਦਿਆਂ ਸ. ਸਿਰਸਾ ਨੇ ਦੱਸਿਆ ਕਿ ਪੰਥ ਰਤਨ ਸ. ਪ੍ਰਕਾਸ਼ ਸਿੰਘ ਬਾਦਲ ਜੀ ਦੇ ਜਨਮ ਦਿਵਸ ਦੇ ਮੌਕੇ ’ਤੇ 8 ਦਸੰਬਰ ਨੂੰ ਮੋਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਇਤਿਹਾਸਕ ਸਾਂਝੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਉਨ੍ਹਾਂ ਐਲਾਨ ਕੀਤਾ ਕਿ ਐਨ.ਡੀ.ਏ. (NDA) ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਪੂਰੀ ਮਜ਼ਬੂਤੀ ਨਾਲ ਚੋਣ ਲੜੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਸੂਬੇ ਵਿੱਚ ਐਨ.ਡੀ.ਏ. ਦੀ ਸਰਕਾਰ ਬਣਨ ’ਤੇ ਨਸ਼ਾ ਤਸਕਰਾਂ, ਫਿਰੌਤੀਖੋਰਾਂ ਅਤੇ ਉਨ੍ਹਾਂ ਨੂੰ ਸਿਆਸੀ ਸ਼ਹਿ ਦੇਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
‘ਇੰਡੀਆ’ ਗੱਠਜੋੜ ’ਤੇ ਤੰਜ ਅਤੇ ਧਾਰਮਿਕ ਆਸਥਾ
ਵਿਰੋਧੀ ਧਿਰਾਂ ਦੇ ‘ਇੰਡੀਆ’ ਗੱਠਜੋੜ ’ਤੇ ਨਿਸ਼ਾਨਾ ਸਾਧਦਿਆਂ ਸ. ਸਿਰਸਾ ਨੇ ਇਸ ਨੂੰ ਸਿਰਫ਼ ਸਵਾਰਥ ਅਤੇ ਸਹੂਲਤ ਦੀ ਸਿਆਸਤ ਕਰਾਰ ਦਿੱਤਾ। ਉਨ੍ਹਾਂ ਕਾਂਗਰਸ, ‘ਆਪ’, ਸਮਾਜਵਾਦੀ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਦੀ ਆਪਸੀ ਖਿੱਚੋਤਾਣ ’ਤੇ ਤੰਜ ਕੱਸਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਕੋਲ ਦੇਸ਼ ਜਾਂ ਸੂਬੇ ਦੇ ਵਿਕਾਸ ਦਾ ਕੋਈ ਏਜੰਡਾ ਨਹੀਂ ਹੈ। ਇਸ ਤੋਂ ਇਲਾਵਾ, ਬਾਗੇਸ਼ਵਰ ਧਾਮ ਨਾਲ ਜੁੜੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਧਾਰਮਿਕ ਆਸਥਾ ਹਮੇਸ਼ਾ ਸਮਾਜ ਨੂੰ ਜੋੜਨ ਅਤੇ ਸਕਾਰਾਤਮਕ ਬਦਲਾਅ ਲਿਆਉਣ ਦਾ ਕੰਮ ਕਰਦੀ ਹੈ।
ਇਹ ਵੀ ਪੜ੍ਹੋ... ਡੇਅਰੀ ਫਾਰਮਰਾਂ 'ਤੇ ਮਹਿੰਗਾਈ ਦੀ ਮਾਰ ! ਦੁੱਧ ਵੇਚ ਕੇ ਵੀ ਪੈ ਰਿਹਾ ਘਾਟਾ, ਹਨ੍ਹੇਰੇ 'ਚ ਭਵਿੱਖ
- PTC NEWS