Sangrur ਦਾ ਇਹ ਕਿਸਾਨ ਸਬਜ਼ੀ ਦੀ ਖੇਤੀ ਕਰਕੇ ਕਰ ਰਿਹਾ ਦੁੱਗਣੀ ਕਮਾਈ , 12 ਏਕੜ 'ਚ ਕਰਦਾ ਖੀਰੇ ਦੀ ਖੇਤੀ
Sangrur News : ਪੰਜਾਬ ਦੇ ਵੱਡੇ ਹਿੱਸੇ ਵਿੱਚ ਜਿੱਥੇ ਕਿਸਾਨ ਕਣਕ–ਝੋਨੇ ਦੇ ਦੋਹਰੇ ਫ਼ਸਲੀ ਚੱਕਰ ਵਿੱਚ ਫਸੇ ਹੋਏ ਹਨ ਅਤੇ ਖ਼ਰਚੇ ਵੱਧਣ ਨਾਲ ਖੇਤੀ ਨੂੰ ਘਾਟੇ ਦਾ ਸੌਦਾ ਦੱਸ ਰਹੇ ਹਨ, ਉਥੇ ਹੀ ਸੰਗਰੂਰ ਦੇ ਪਿੰਡ ਬੱਡਰੁੱਖਾਂ ਦਾ ਕਿਸਾਨ ਹਰਦੀਪ ਸਿੰਘ ਆਪਣੇ ਦੋਵਾਂ ਪੁੱਤਰਾਂ ਦੇ ਨਾਲ ਸਬਜ਼ੀ ਦੀ ਖੇਤੀ ਕਰਕੇ ਹੋਰਾਂ ਲਈ ਪ੍ਰੇਰਣਾ ਬਣਿਆ ਹੋਇਆ ਹੈ। ਇਹ ਪਰਿਵਾਰ ਪਿਛਲੇ 19 ਸਾਲਾਂ ਤੋਂ ਸਬਜ਼ੀ ਦੀ ਖੇਤੀ ਨਾਲ ਜੁੜਿਆ ਹੋਇਆ ਹੈ ਅਤੇ ਹੁਣ 12 ਏਕੜ ਵਿੱਚ ਖੀਰੇ ਦੀ ਖੇਤੀ ਕਰ ਰਿਹਾ ਹੈ।
ਹਰਦੀਪ ਸਿੰਘ ਦੱਸਦਾ ਹੈ ਕਿ ਜਿੱਥੇ ਕਣਕ ਅਤੇ ਝੋਨੇ ਦੀ ਫ਼ਸਲ ਵਿੱਚ ਕਮਾਈ 6 ਮਹੀਨੇ ਬਾਅਦ ਘਰ ਆਉਂਦੀ ਹੈ, ਉਥੇ ਸਬਜ਼ੀ ਦੀ ਖੇਤੀ ਰੋਜ਼ਾਨਾ ਆਮਦਨ ਦਾ ਸਰੋਤ ਬਣਦੀ ਹੈ। ਉਹਨਾਂ ਦੇ ਖੇਤਾਂ ਵਿੱਚੋਂ ਖੀਰੇ ਦੀ ਲਗਾਤਾਰ ਤੋੜ ਹੁੰਦੀ ਹੈ ਅਤੇ ਰੋਜ਼ਾਨਾ ਕ੍ਰੀਬ 35,000 ਰੁਪਏ ਦੇ ਖੀਰੇ ਮੰਡੀ ਵਿੱਚ ਵਿਕਦੇ ਹਨ। ਇਸ ਨਾਲ ਨਾ ਸਿਰਫ਼ ਘਰ ਦਾ ਖਰਚਾ ਚੱਲਦਾ ਹੈ, ਸਗੋਂ ਬੱਚਿਆਂ ਦੀ ਪੜ੍ਹਾਈ, ਖੇਤੀਬਾੜੀ ਵਿੱਚ ਨਵੀਂ ਤਕਨਾਲੋਜੀ ਲਿਆਉਣ ਅਤੇ ਘਰ ਦੇ ਹੋਰ ਖਰਚੇ ਵੀ ਬਿਨ੍ਹਾਂ ਤਣਾਅ ਪੂਰੇ ਹੋ ਜਾਂਦੇ ਹਨ।
ਹਰਦੀਪ ਸਿੰਘ ਦਾ ਪਰਿਵਾਰ ਖੇਤਾਂ ਵਿੱਚ ਆਪ ਵੀ ਮਿਹਨਤ ਕਰਦਾ ਹੈ ਅਤੇ ਨਾਲ ਹੀ 12 ਤੋਂ 15 ਔਰਤਾਂ ਨੂੰ ਰੋਜ਼ਗਾਰ ਵੀ ਦੇ ਰਿਹਾ ਹੈ। ਇਸ ਨਾਲ ਪਿੰਡ ਦੀਆਂ ਬਹੁਤ ਸਾਰੀਆਂ ਮਹਿਲਾਵਾਂ ਨੂੰ ਘਰ ਬੈਠੇ ਰੋਜ਼ੀ–ਰੋਟੀ ਦਾ ਸਹਾਰਾ ਮਿਲਦਾ ਹੈ। ਇਹ ਕਿਸਾਨ ਪਰਿਵਾਰ ਸੰਦੇਸ਼ ਦੇ ਰਿਹਾ ਹੈ ਕਿ ਜੇ ਫ਼ਸਲ ਵਿੱਚ ਨਵੀਂ ਸੋਚ ਲਿਆਈ ਜਾਵੇ, ਮਿਹਨਤ ਅਤੇ ਸਮੇਂ ਦਾ ਸਹੀ ਮੈਨੇਜਮੈਂਟ ਕੀਤਾ ਜਾਵੇ ਤਾਂ ਖੇਤੀਬਾੜੀ ਅੱਜ ਵੀ ਨਫ਼ੇ ਦਾ ਸੌਦਾ ਬਣ ਸਕਦੀ ਹੈ।
- PTC NEWS